ਜਲੰਧਰ, 28 ਫਰਵਰੀ 2021 - ਡਿਪਟੀ ਕਮਿਸ਼ਨਰ, ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਜ਼ਿਲ੍ਹੇ ਦੇ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਯੋਜਨਾ ਅਧੀਨ ਦੋ ਸਾਲਾਂ ਵਿੱਚ ਜਲੰਧਰ ਦੇ 4288 ਲਾਭਪਾਤਰੀਆਂ ਨੇ ਨੈਟਲ ਕੇਅਰ (ਨਵ ਜੰਮੇ ਦੀ ਦੇਖਭਾਲ) ਅਤੇ ਇਸਤਰੀ ਰੋਗ (ਗਾਇਨੀਕੋਲੋਜੀ) ਉਪਚਾਰ ਤਹਿਤ 8.15 ਕਰੋੜ ਦੇ ਇਲਾਜ ਦਾ ਲਾਭ ਲਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ ਜਲੰਧਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸ ਲੋਕ ਪੱਖੀ ਯੋਜਨਾ ਦਾ ਲਾਭ ਲੈਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਇਸ ਸਕੀਮ ਦਾ ਦਾਇਰਾ ਵਧਾ ਕੇ ਇਸ ਲਾਭ ਜੇ ਫਾਰਮ ਧਾਰਕਾਂ, ਛੋਟੇ ਵਪਾਰੀਆਂ ਅਤੇ ਰਜਿਸਟਰਡ ਪੱਤਰਕਾਰਾਂ ਨੂੰ ਦਿੱਤਾ ਗਿਆ ਹੈ ਤਾਂ ਜੋ ਇਸ ਸਕੀਮ ਨੂੰ ਸਮਾਜ ਦੇ ਸਾਰੇ ਪ੍ਰਮੁੱਖ ਹਿੱਸਿਆਂ ਲਈ ਲਾਭਕਾਰੀ ਬਣਾਇਆ ਜਾ ਸਕੇ।
ਥੋਰੀ ਨੇ ਦੱਸਿਆ ਕਿ ਇਸ ਯੋਜਨਾ ਦੇ ਪਹਿਲੇ ਸਾਲ ਦੌਰਾਨ 511 ਰਜਿਸਟਰਡ ਲਾਭਪਾਤਰੀਆਂ ਨੇ ਨੈਟਲ ਕੇਅਰ ਦੇਖਭਾਲ ਤਹਿਤ 2,87,22 500 ਰੁਪਏ ਅਤੇ 2092 ਲਾਭਪਾਤਰੀਆਂ ਨੇ ਜਣੇਪੇ ਅਤੇ ਇਸਤਰੀ ਰੋਗਾਂ ਦੇ ਉਪਚਾਰ ਤਹਿਤ 1,81,83475 ਰੁਪਏ ਦੇ ਇਲਾਜ ਦਾ ਲਾਭ ਲਿਆ ਗਿਆ । ਇਸੇ ਤਰ੍ਹਾਂ ਇਸ ਯੋਜਨਾ ਦੇ ਦੂਜੇ ਸਾਲ ਦੌਰਾਨ 760 ਲਾਭਪਾਤਰੀਆਂ ਨੇ ਨਵ ਜੰਮੇ ਦੀ ਦੇਖਭਾਲ ਤਹਿਤ 2,60,40200 ਰੁਪਏ ਅਤੇ 925 ਲਾਭਪਾਤਰੀਆਂ ਨੇ ਇਸਤਰੀ ਰੋਗ ਉਪਚਾਰ ਤਹਿਤ 86,41400 ਰੁਪਏ ਦੇ ਇਲਾਜ ਦਾ ਲਾਭ ਪ੍ਰਾਪਤ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਦੋ ਸਾਲਾਂ ਦੌਰਾਨ ਇਲਾਜ ‘ਤੇ ਕੁੱਲ 8,15,87575 ਰੁਪਏ ਖਰਚ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਨਵ-ਜੰਮੇ ਦੀ ਦੇਖਭਾਲ ਵਿਚ ਇਨਟੈਂਸਿਵ ਕੇਅਰ ਯੂਨਿਟ (ਆਈ.ਸੀ. ਯੂ.) ਜੋ ਕਿ ਬਿਮਾਰ ਜਾਂ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੀ ਦੇਖਭਾਲ ਵਿਚ ਮਾਹਰ ਹੁੰਦੇ ਹਨ, ਵਿਚਲੇ ਨਵਜੰਮੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਗਾਇਨੀਕੋਲੋਜੀ ਉਪਚਾਰ ਗਰਭਵਤੀ ਮਾਵਾਂ ਦੇ ਇਲਾਜ ਨੂੰ ਯਕੀਨੀ ਬਣਾਉਂਦਾ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਯੋਜਨਾ ਤਹਿਤ ਵੱਧ ਤੋਂ ਵੱਧ ਆਬਾਦੀ ਨੂੰ ਕਵਰ ਕਰਨ ਲਈ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ, ਕਾਮਨ ਸਰਵਿਸ ਸੈਂਟਰਾਂ (ਸੀਐਸਸੀ) ਅਤੇ ਸੇਵਾ ਕੇਂਦਰਾਂ ਵਿੱਚ ਈ-ਹੈਲਥ ਕਾਰਡ ਬਣਾਉਣ ਤੋਂ ਇਲਾਵਾ ਹੋਰ ਵੱਖ-ਵੱਖ ਥਾਵਾਂ 'ਤੇ ਰੋਜ਼ਾਨਾ 50 ਕੈਂਪ ਵਿਸ਼ੇਸ਼ ਤੌਰ 'ਤੇ ਲਗਾ ਕੇ ਔਸਤਨ 4500 ਦੇ ਕਰੀਬ ਈ-ਹੈਲਥ ਕਾਰਡ ਹਰ ਰੋਜ਼ ਬਣਾਏ ਜਾ ਰਹੇ ਹਨ ਅਤੇ ਹੁਣ ਤੱਕ ਵੱਡੀ ਗਿਣਤੀ ਪਰਿਵਾਰ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕਿਹਾ ਕਿ ਉਹ ਅੱਗੇ ਆ ਕੇ ਇਸ ਸਕੀਮ ਤਹਿਤ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਤਾਂ ਜੋ ਉਹ ਇਸ ਯੋਜਨਾ ਅਧੀਨ 5 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਹੈਲਥ ਕਵਰ ਪ੍ਰਾਪਤ ਕਰ ਸਕਣ। ਉਨ੍ਹਾਂ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਲਾਭਪਾਤਰੀਆਂ ਨੂੰ ਇਸ ਸਕੀਮ ਅਧੀਨ ਆਪਣਾ ਨਾਮ ਦਰਜ ਕਰਵਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ, ਸੇਵਾ ਕੇਂਦਰਾਂ, ਸੀਐਸਸੀ ਅਤੇ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਵਿੱਚ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ ਦੀ ਅਪੀਲ ਕੀਤੀ।