ਸ਼ਹੀਦ ਸੂਬੇਦਾਰ ਪਰਵਿੰਦਰ ਸਿੰਘ ਦੀ ਅੰਤਿਮ ਵਿਦਾਇਗੀ ਮੌਕੇ ਅੱਖਾਂ ਹੋਇਆਂ ਨਮ
ਸ਼ਹੀਦ ਦਾ ਪੂਰੇ ਫੌਜੀ ਸਨਮਾਨ ਨਾਲ ਹੋਇਆ ਸਸਕਾਰ
ਦੀਪਕ ਜੈਨ
ਜਗਰਾਓਂ, 1 ਮਾਰਚ, 2021 : ਪਿਛਲੇ ਦਿਨੀ ਲੱਦਾਖ ਵਿਖੇ ਸ਼ਹੀਦ ਹੋਏ ਜਗਰਾਓਂ ਦੇ ਮੁਹੱਲਾ ਗਾਂਧੀ ਨਗਰ ਦੇ ਨਿਵਾਸੀ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦਾ ਕਲ ਰਾਤ ਨੂੰ ਪੂਰੇ ਫੌਜੀ ਸਨਮਾਨ ਨਾਲ ਸੰਸਕਾਰ ਕੀਤਾ ਗਿਆ। ਪਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ 22 ਸਿੱਖ ਰਜਮੈਂਟ ਦੇ ਜਵਾਨ ਲੈਕੇ ਆਏ ਸਨ ਅਤੇ ਪੂਰੇ ਫੌਜੀ ਸਨਮਾਨ ਨਾਲ ਪਰਵਿੰਦਰ ਦਾ ਸਸਕਾਰ ਕੀਤਾ ਗਿਆ।ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਵੱਡੇ ਪੁੱਤਰ ਸਿਮਰਜੀਤ ਸਿੰਘ ਵਲੋਂ ਅੱਗ ਵਿਖਾਈ ਗਈ।
ਰਾਤ ਵੇਲੇ ਹੀ ਸ਼ਹੀਦ ਪਰਵਿੰਦਰ ਸਿੰਘ ਦੇ ਮ੍ਰਿਤਕ ਦੇਹ ਓਨਾ ਦਾ ਘਰ ਪਹੁੰਚੀ ਅਤੇ ਬਾਅਦ ਵਿਚ ਸ਼ਮਸ਼ਾਨ ਘਾਟ ਲੈ ਜਾਇਆ ਗਿਆ ਅਤੇ ਓਥੇ ਸ਼ਹੀਦ ਦੀ ਰਜਮੈਂਟ ਦੇ ਜਵਾਨਾਂ ਦੀ ਟੁਕੜੀ ਨੇ ਅੰਤਿਮ ਸਲਾਮੀ ਦਿਤੀ। ਇਸ ਮੌਕੇ ਪਰਵਿੰਦਰ ਸਿੰਘ ਅਮਰ ਰਹੇ ਦੇ ਨਾਅਰਿਆਂ ਨਾਲ ਪੂਰਾ ਇਲਾਕਾ ਗੂੰਜ ਉਠਿਆ। ਪੰਜਾਬ ਸਰਕਾਰ ਵਲੋਂ ਮ੍ਰਿਤਕ ਦੇ ਪਰਿਵਾਰ ਨੂੰ 50 ਲੱਖ ਦੀ ਵਿਤੀ ਸਹਾਇਤਾ ਅਤੇ ਪਰਿਵਾਰ ਮੈਂਬਰ ਨੂੰ ਨੌਕਰੀ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਸ਼ਮਸ਼ਾਨ ਵਿਖੇ ਮੌਜੂਦ ਹਰ ਅੱਖ ਵਿਚ ਹੰਝੂ ਵਿਖਾਈ ਦਿੱਤਾ ਅਤੇ ਹਰ ਕੋਈ ਸ਼ਹੀਦ ਪਰਵਿੰਦਰ ਦੇ ਪਰਿਵਾਰ ਨੂੰ ਹੋਂਸਲਾ ਦੇ ਰਿਹਾ ਸੀ। ਇਸ ਮੌਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪਹੁੰਚੇ ਜਿੰਨਾ ਵਿਚ ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ , ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਕਾਂਗਰਸੀ ਨੇਤਾ ਮਲਕੀਤ ਸਿੰਘ ਦਾਖਾ , ਚੇਅਰਮੈਨ ਕਾਕਾ ਗਰੇਵਾਲ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ, ਪੈਪਸੂ ਰੋਡਵੇਜ ਦੇ ਡਾਇਰੈਕਟਰ ਪੁਰਸ਼ੋਤਮ ਲਾਲ ਖਲੀਫਾ ,ਕੌਂਸਲਰ ਮੇਸ਼ੀ ਸਹੋਤਾ, ਫੀਨਾ ਸੱਭਰਵਾਲ ਆਦਿ ਮੌਜੂਦ ਸਨ।