ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 1 ਮਾਰਚ 2021-ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਤਹਿਤ ਡਾ. ਕਰਨਜੀਤ ਸਿੰਘ ਪੀ.ਡੀ (ਆਤਮਾ) ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਕੇ.ਵੀ.ਕੇ ਗੋਨੇਆਣਾ ਵਿਖੇ ਕਿਸਾਨ ਸਾਇੰਸਦਾਨ ਗੋਸ਼ਟੀ ਕੈਂਪ ਲਗਾਇਆ ਗਿਆ, ਜਿਸ ਵਿਚ ਖੇਤੀਬਾੜੀ ਨਾਲ ਸਬੰਧਤ ਵਿਭਾਗਾਂ ਦੇ ਵੱਖ-ਵੱਖ ਬੁਲਾਰਿਆ ਨੇ ਆਪਣੇ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ ਬਾਰੇ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਇਸ ਮੌਕੇ ਡਾ. ਕਰਮਜੀਤ ਸ਼ਰਮਾ ਪ੍ਰੋਫੈਸਰ ਕੇ.ਵੀ.ਕੇ ਗੋਨੇਆਣਾ ਵੱਲੋਂ ਕਿਸਾਨਾਂ ਨੂੰ ਅਗਲੇ ਸੀਜ਼ਨ ਲਈ ਕਣਕ ਦੇ ਮਿਆਰੀ ਬੀਜ ਪੈਦਾ ਕਰਨ ਅਤੇ ਰੱਖਣ ਅਤੇ ਸਟੋਰ ਕਰਨ ਸਬੰਧੀ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਸਾਨ ਸਾਇੰਸਦਾਨ ਗੋਸ਼ਟੀ ਦੌਰਾਨ ਡਾ. ਮਧੂ ਸ਼ੈਲੀ ਵੱਲੋਂ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਟੀਕਾਕਰਣ ਅਤੇ ਬੱਕਰੀ ਪਾਲਣ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ। ਤਕਨੀਕੀ ਸ਼ੈਸ਼ਨ ਦੌਰਾਨ ਡਾ. ਗਗਨਦੀਪ ਕੌਰ ਬਾਗਬਾਨੀ ਵਿਕਾਸ ਅਫਸਰ ਵੱਲੋ ਬਾਗਬਾਨੀ ਵਿਭਾਗ ਵਿਚ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਡਾ. ਜੋਬਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਮਿੱਟੀ ਪਾਣੀ ਪਰਖ ਦੀ ਮਹੱਤਤਾ ਦੱਸਦੇ ਹੋਏ ਮਿੱਟੀ ਅਤੇ ਪਾਣੀ ਦੇ ਸੈਪਲ ਲੈਣ ਦੇ ਢੰਗਾਂ ਅਤੇ ਤਰੀਕਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਚੇਤਕ ਬਿਸ਼ਨੌਈ ਵੱਲੋਂ ਫਲਾਂ ਅਤੇ ਸਬਜ਼ੀਆਂ ਦੀਆ ਕਾਸ਼ਤ, ਉਨ੍ਹਾਂ ਦੀਆਂ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੀ ਸੁੱਚਜੀ ਰੋਕਥਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕਿ੍ਰਸ਼ੀ ਵਿਗਿਆਨ ਕੇਦਰ ਦੇ ਇੰਜੀਨੀਅਰ ਵਿੰਗ ਵਿਚੋਂ ਡਾ. ਮਹਿਕ ਵੱਲੋਂ ਪਾਣੀ ਦੀ ਮਹੱਤਤਾ ਅਤੇ ਖੇਤੀਬਾੜੀ ਵਿੱਚ ਪਾਣੀ ਦੀ ਬੱਚਤ ਸਬੰਧੀ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨਾਲ 25 ਤੋ 30 ਪ੍ਰਤੀਸ਼ਤ ਪਾਣੀ ਦੀ ਬੱਚਤ ਕਰ ਸਕਦੇ ਹਨ। ਇਸ ਤੋਂ ਇਲਾਵਾ ਡਾ. ਐਨ.ਐਸ ਧਾਲੀਵਾਲ ਐਸ਼ੋਸ਼ੀਏਟ ਡਾਇਰੈਕਟਰ ਕੇ.ਵੀ.ਕੇ ਗੋਨੇਆਣਾ ਵੱਲੋਂ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ’ਤੇ ਜ਼ੋਰ ਦਿੱਤਾ ਅਤੇ ਕਿਸਾਨਾਂ ਨੂੰ ਸਾਉਣੀ ਦੀਆ ਫਸਲਾਂ ਲਈ ਵਿਓਂਤਬੰਦੀ ਕਰਨ ਲਈ ਕਿਹਾ। ਕੈਂਪ ਦੌਰਾਨ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਬੱਕਰੀ ਪਾਲਣ, ਮਧੂ ਮੱਖੀ ਪਾਲਣ ਆਦਿ ਧੰਦੇ ਛੋਟੇ ਪੱਧਰ ’ਤੇ ਅਪਨਾਉਣ ਲਈ ਅਪੀਲ ਕੀਤੀ ਅਤੇ ਮਾਡਲ ਫਾਰਮ ਜਿਸ ਵਿਚ ਘਰੇਲੂ ਜਰੂਰਤ ਅਨੁਸਾਰ ਸਬਜ਼ੀਆਂ, ਫਲਦਾਰ ਬੂਟੇ, ਬੱਕਰੀਆਂ, ਦੁਧਾਰੂ ਪਸ਼ੂ, ਪਸ਼ੂਆਂ ਲਈ ਆਚਾਰ, ਗੋਬਰ ਗੈਸ ਪਲਾਂਟ, ਦਾਲਾਂ ਤੇ ਤੇਲ ਬੀਜ, ਗੁੜ ਲਈ ਗੰਨਾ ਲਗਾਉਣ ਵਾਸਤੇ ਪ੍ਰੇਰਿਤ ਕੀਤਾ। ਤਕਨੀਕੀ ਸ਼ੈਸ਼ਨ ਤੋਂ ਬਾਅਦ ਕਿਸਾਨਾਂ ਨੂੰ ਕੇ.ਵੀ.ਕੇ ਗੋਨੇਆਣਾ ਵਿਖੇ ਵੱਖ-ਵੱਖ ਢੰਗਾਂ ਨਾਲ ਕੀਤੀ ਗਈ ਕਣਕ ਦੀ ਬਿਜਾਈ ਅਤੇ ਵੱਖ-ਵੱਖ ਕਣਕ ਦੀਆਂ ਕਿਸਮਾਂ, ਬੱਕਰੀ ਪਾਲਣ ਦਾ ਫਾਰਮ ਸਬੰਧੀ ਫੀਲਡ ਦੌਰਾ ਵੀ ਕਰਵਾਇਆ ਗਿਆ।