ਨਿਊਜ਼ ਰਿਪੋਰਟ: ਯਾਦਵਿੰਦਰ ਸਿੰਘ ਤੂਰ, ਤਸਵੀਰਾਂ: ਅਕਾਸ਼ਦੀਪ, ਵੀਡੀੳ ਰਿਪੋਰਟਿੰਗ: ਰਵੀ ਜੱਖੂ
ਚੰਡੀਗੜ੍ਹ, 1 ਮਾਰਚ 2021 - ਪੰਜਾਬ ਬਜਟ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ 'ਚ ਗਵਰਨਰ ਦਾ ਰੈੱਡ ਕਾਰਪੇਟ 'ਤੇ ਸਵਾਗਤ ਕਰਨ ਮਗਰੋਂ ਯੂਥ ਕਾਂਗਰਸ ਦੇ ਵਰਕਰ ਤੇ ਕੈਪਟਨ ਦੇ ਵਜ਼ੀਰ ਗਵਰਨਰ ਦਾ ਘਿਰਾਉ ਕਰਨ ਲਈ ਰਾਜ ਭਵਨ ਵੱਲ੍ਹ ਤੁਰ ਪਏ। ਪਰ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਐਮ.ਐਲ.ਏ ਹੋਸਟਲ ਵਿਖੇ ਹੀ ਜਲ ਤੋਪਾਂ ਤੇ ਬੈਰੀਕੇਡਿੰਗ ਲਾ ਕੇ ਰੋਕ ਲਿਆ।
ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੁਆਰਾ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਵੱਖਰਾ ਪ੍ਰਦਰਸ਼ਨ ਕੀਤਾ ਗਿਆ। ਜਿਸ 'ਚ ਉਹ ਖੱਚਰ ਰੇਹੜੀ 'ਤੇ ਗੈਸ ਸਿਲੰਡਰ ਤੇ ਇੱਕ ਮੋਟਰਸਾਈਕਲ ਨਾਲ ਇੱਕ ਯੂਥ ਆਗੂ ਕ੍ਰਿਕਟ ਦਾ ਬੱਲਾ ਉਤਾਂਹ ਨੂੰ ਕਰੀ ਖੜ੍ਹਾ ਨਜ਼ਰ ਆਇਆ।
ਬਰਿੰਦਰ ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਆਮ ਲੋਕਾਂ ਦਾ ਜਿਉਣਾ ਦੁੱਭਰ ਕਰ ਰਹੀ ਹੈ। ਜਿਸ ਕਰਕੇ ਉਹ ਗਵਰਨਰ ਨੂੰ ਘੇਰ ਕੇ ਆਪਣੀ ਗੱਲ ਉੱਪਰ ਤੱਕ ਪਹੁੰਚਾਉਣਾ ਚਾਹੁੰਦੇ ਨੇ। ਉਨ੍ਹਾਂ ਨੂੰ ਜਦੋਂ ਬਾਬੂਸ਼ਾਹੀ ਦੇ ਪੱਤਰਕਾਰ ਰਵੀ ਜੱਖੂ ਨੇ ਸਵਾਲ ਕੀਤਾ ਕਿ ਵਿਧਾਨ ਸਭਾ 'ਚ ਤਾਂ ਰੈੱਡ ਕਾਰਪੇਟ ਨਾਲ ਸਵਾਗਤ ਕੀਤਾ ਤੇ ਫੇਰ ਹੁਣ ਕਿਉਂ ਘਿਰਾਉ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਇੱਕ ਰਸਮ ਹੁੰਦੀ ਹੈ ਜੋ ਕੀਤੀ ਗਈ ਹੈ, ਪਰ ਅਸਲ 'ਚ ਉਹ ਗਵਰਨਰ ਨੂੰ ਸਵਾਲ ਕਰਨਾ ਚਾਹੁੰਦੇ ਨੇ ਕਿ ਕੇਂਦਰ ਸਰਕਾਰ ਆਮ ਲੋਕਾਂ ਦਾ ਮਹਿੰਗਾਈ ਨਾਲ ਲੱਕ ਕਿਉਂ ਤੋੜ ਰਹੀ ਹੈ।
ਇਸ ਮੌਕੇ ਯੂਥ ਕਾਂਗਰਸ ਦੇ ਆਗੂਆਂ ਦੇ ਨਾਲ ਦੂਸਰੇ ਪਾਸੇ ਕੈਪਟਨ ਦੇ ਵਜ਼ੀਰ ਵੀ ਗਵਰਨਰ ਨੂੰ ਘੇਰਨ ਜਾ ਰਹੇ ਸੀ ਜਿੰਨ੍ਹਾਂ ਨੂੰ ਵੀ ਪੁਲਿਸ ਨੇ ਫਿਲਹਾਲ ਰੋਕ ਰੱਖਿਆ ਹੈ। ਇਸ 'ਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੰਧ 'ਤੇ ਚੜ੍ਹੇ ਵੀ ਦੇਖੇ ਜਾ ਸਕਦੇ ਨੇ। ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੋਦੀ ਸਰਕਾਰ 'ਤੇ ਮਾਈਕ 'ਚ ਜਮ ਕੇ ਵਰ੍ਹਦੇ ਨਜ਼ਰ ਆਏ। ਪੂਰੇ ਸੀਨ ਦਾ ਵੀਡੀੳ ਹੇਠ ਦੇਖੋ