ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 1 ਮਾਰਚ 2021-ਜ਼ਿਲਾ ਪੁਲਸ ਵੱਲੋਂ ਚਾਰ ਵੱਖ-ਵੱਖ ਮਾਮਲਿਆਂ ’ਚ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ, ਜਦੋਂਕਿ ਇੱਕ ਫ਼ਰਾਰ ਦੱਸਿਆ ਜਾ ਰਿਹਾ ਹੈ। ਇਹ ਮਾਮਲੇ ਜ਼ਿਲੇ ਦੇ ਥਾਣਾ ਬਰੀਵਾਲਾ, ਥਾਣਾ ਲੱਖੇਵਾਲੀ ਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕੀਤੇ ਗਏ ਹਨ। ਕਥਿਤ ਦੋਸ਼ੀਆਂ ਕੋਲੋਂ ਪੁਲਸ ਟੀਮਾਂ ਨੇ ਨਸ਼ੀਲੀਆਂ ਗੋਲੀਆਂ ਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਿੰਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ, ਜਿੰਨਾਂ ਦਾ ਵੇਰਵਾ ਇਸ ਪ੍ਰਕਾਰ ਹੈ:-
ਇਹ ਹਨ ਚਾਰ ਮਾਮਲੇ
-ਥਾਣਾ ਬਰੀਵਾਲਾ ਪੁਲਸ ਨੇ 450 ਨਸ਼ੀਲੀਆਂ ਗੋਲੀਆਂ ਸਮੇਤ ਅਨਵਰ ਖ਼ਾਨ ਉਰਫ਼ ਦਾਦਾ ਪੁੱਤਰ ਜਗਸੀਰ ਮੁਹੰਮਦ ਵਾਸੀ ਲੁਬਾਣਿਆਂਵਾਲੀ ਰੋਡ ਪਿੰਡ ਸੱਕਾਂਵਾਲੀ ਦੀ ਸ਼ਨਾਖ਼ਤ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
-ਥਾਣਾ ਲੱਖੇਵਾਲੀ ਪੁਲਸ ਨੇ ਪਿੰਡ ਤਾਮਕੋਟ ਵਾਸੀ ਸੁਖਚੈਨ ਸਿੰਘ ਉਰਫ਼ ਘਾਰੂ ਪੁੱਤਰ ਦਰਸ਼ਨ ਸਿੰਘ ਨੂੰ 250 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ, ਜਿਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੋਇਆ ਹੈ।
-ਥਾਣਾ ਬਰੀਵਾਲਾ ਦੀ ਇੱਕ ਹੋਰ ਟੀਮ ਨੇ ਗੁਰਦੇਵ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਰਾੜ ਕਲਾਂ ਦੇ ਘਰੋਂ ਨਜਾਇਜ਼ ਸ਼ਰਾਬ ਦੀਆਂ 8 ਬੋਤਲਾਂ ਬਰਾਮਦ ਕੀਤੀਆਂ ਹਨ, ਜਦੋਂਕਿ ਕਥਿਤ ਤਸਕਰ ਪੁਲਸ ਦੇ ਹੱਥ ਨਹੀਂ ਲੱਗ ਸਕਿਆ ਹੈ, ਜਿਸ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
-ਥਾਣਾ ਸਦਰ ਪੁਲਸ ਨੇ ਪਿੰਡ ਥਾਂਦੇਵਾਲਾ ਦੇ ਜਸਪਾਲ ਸਿੰਘ ਉਰਫ਼ ਨਿੱਕਾ ਪੁੱਤਰ ਗੁਰਮੀਤ ਸਿੰਘ ਨੂੰ ਨਜਾਇਜ਼ ਸ਼ਰਾਬ ਦੀਆਂ 9 ਬੋਤਲਾਂ ਸਮੇਤ ਕਾਬੂ ਕੀਤਾ ਹੈ, ਜਿਸ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।