ਅਸ਼ੋਕ ਵਰਮਾ
ਬਠਿੰਡਾ, 01 ਮਾਰਚ 2021: ਪੰਜਾਬ ਸਕੂਲ ਟੀਚਰਜ਼ ਐਸੋਸੀਏਸ਼ਨ ਨੇ ਮਿਡਲ ਸਕੂਲਾਂ ਚੋਂ ਪੀਟੀਆਈ ਅਧਿਆਪਕਾਂ ਨੂੰ ਸ਼ਿਫਟ ਕਰਨ ਨੂੰ ਮਿਡਲ ਸਕੂਲ ਬੰਦ ਕਰਨ ਦੀ ਪ੍ਰਕਿਰਿਆ ਕਰਾਰ ਦਿੱਤਾ ਹੈ। ਐਸੋਸੀਏਸ਼ਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਇਸ ਸਬੰਧ ’ਚ ਵਿੱਤ ਵਿਭਾਗ ਤੋਂ ਪ੍ਰਵਾਨਗੀ ਵੀ ਲੈ ਲਈ ਹੈ।ਪੰਜਾਬ ਸਕੂਲ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਮਲੂਕਾ,ਜਨਰਲ ਸਕੱਤਰ ਹਰਜਿੰਦਰ ਸਿੰਘ ਮਾਝੀ ,ਸੂਬਾ ਖਜਾਨਚੀ ਅਮਨਦੀਪ ਸ਼ਰਮਾ ਮਾਨਸਾ,ਸਲਾਹਕਾਰ ਜਸਵੰਤ ਸਿੰਘ ਮਾਨਸਾ,ਮਨਜਿੰਦਰ ਸਿੰਘ ਤਰਨਤਾਰਨ,ਕਰਨਜੀਤ ਕੌਰ ਮੋਗਾ,ਗੁਰਦੀਪ ਸਿੰਘ ਬਠਿੰਡਾ,ਕੁਲਦੀਪ ਕੌਰ ਪਟਿਆਲਾ,ਪਿਰਥੀਪਾਲ ਸਿੰਘ ਅੰਮਿ੍ਰਤਸਰ ,ਸੱਤਪਾਲ ਬਰਨਾਲਾ,ਪਿੰਯਕਾ ਸੰਗਰੂਰ, ਵੀਰਪਾਲ ਕੌਰ ਮੋਹਾਲੀ ਅਤੇ ਗੁਰਦਰਸ਼ਨ ਕੌਰ ਰੋਪੜ ਆਦਿ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 27 ਜਨਵਰੀ 2021 ਨੂੰ ਇਸ ਸਬੰਧੀ ਵਿੱਤ ਵਿਭਾਗ ਤੋਂ ਪੱਤਰ ਨੰਬਰ ਐਫਡੀਐਫਪੀ-2014 (ਸੀਆਰਪੀਓ)/3 / 2021 –4ਅਐਫਪੀ 2 / 1/ 135844/2021 ਰਾਹੀਂ ਇਹ ਮਨਜੂਰੀ ਹਾਸਲ ਕੀਤੀ ਗਈ ਹੈ।
ਉਨ੍ਹਾਂ ਆਖਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਮੁਲਕ ’ਚ ਜਦੋਂ ‘ਖੇਲ੍ਹੇ ਇੰਡੀਆ’ ਵਰਗੇ ਪ੍ਰੋਗਰਾਮਾਂ ਰਾਹੀਂ ਖੇਡ੍ਹਾਂ ਨੂੰ ਤਰਜੀਹ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਤਾਂ ਪੰਜਾਬ ਸਰਕਾਰ ਆਪਣੇ ਹੀ ਸੂਬੇ ਦੇ ਮਿਡਲ ਸਕੂਲਾਂ ਵਿੱਚੋਂ ਖੇਡ ਅਧਿਆਪਕਾਂ ਦੀਆਂ ਅਸਾਮੀਆਂ ਖਤਮ ਕਰਨ ਦੇ ਫੈਸਲੇ ਲੈ ਅਧਿਆਪਕ ਆਗੂਆਂ ਨੇ ਕਿਹਾ ਕਿ ਕਿਹਾ ਕਿ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਪੰਜਾਬ ਨੇ ਦੱਸਿਆ ਕਿ ਲੰਘੀ 22ਫਰਵਰੀ ਨੂੰ ਮੀਮੋ ਨੰਬਰ 10/15-2021-ਅ5(3)/202167258 ਜਾਰੀ ਕਰਕੇ ਸੂਬੇ ਦੇ 228 ਮਿਡਲ ਸਕੂਲਾਂ ਵਿੱਚੋਂ ਸਰੀਰਿਕ ਸਿੱਖਿਆ ਅਧਿਆਪਕਾਂ ਦੀਆਂ ਅਸਾਮੀਆਂ ਬਲਾਕਾਂ ’ਚ ਸ਼ਿਫਟ ਕਰਨ ਦਾ ਜੋ ਹੁਕਮ ਜਾਰੀ ਕੀਤਾ ਹੈ ਉਹ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਕਥਿਤ ਮਨਮਾਨੀਆਂ ਕਾਰਨ ਪੰਜਾਬ ’ਚ ਸਿੱਖਿਆ ਢਾਂਚਾ ਪਹਿਲਾਂ ਹੀ ਡਗਮਗਾਇਆ ਹੋਇਆ ਹੈ ਉੱਪਰੋਂ ਸ਼ਿਫਟਿੰਗ ਵਰਗੇ ਫੈਸਲਿਆਂ ਨੇ ਇਸ ਨੂੰ ਤਬਾਹ ਕਰ ਦੇਣਾ ਹੈ।
ਉਨ੍ਹਾਂ ਆਖਿਆ ਕਿ ਇਸ ਦੀ ਇੱਕ ਮਿਸਾਲ ਬਦਲੀਆਂ ਜਾਂ ਨਵੀਆਂ ਨਿਯੁਕਤੀਆਂ ਮੌਕੇ ਵੀ ਮਿਡਲ ਸਕੂਲਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾ ਨੂੰ ਬੰਦ ਕਰਨ ’ਚ ਕੋਈ ਔਕੜ ਨਾਂ ਆਵੇ। ਇੰਨ੍ਹਾਂ ਆਗੂਆਂ ਨੇ ਸਵਾਲ ਕੀਤਾ ਕਿ ਸਿੱਖਿਆ ਵਿਭਾਗ ਦੇ ਸੈਕੰਡਰੀ ਵਿੰਗ ’ਚ ਭਰਤੀ ਕੀਤੇ ਅਧਿਆਪਕ ਪੀਟੀਆਈ ਦੀਆਂ ਅਸਾਮੀਆਂ ਪ੍ਰਾਇਮਰੀ ਵਿੰਗ ’ਚ ਕਿਸ ਤਰਾਂ ਸ਼ਿਫਟ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਕੀ ਇਹ ਸਰਕਾਰੀ ਮੁਲਾਜਮਾਂ ਦੇ ਸੇਵਾ ਨਿਯਮਾਂ ਦੀ ਉਲੰਘਣਾ ਨਹੀਂ ਹੈ। ਸਮੂਹ ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰ ਧਰਨਿਆਂ ਵਿੱਚ ਰੁਲ ਰਹੇ ਹਨ ਤੇ ਸਰਕਾਰ ਸਰੀਰਕ ਸਿੱਖਿਆ ਅਧਿਆਪਕਾਂ ਦੀ ਭਰਤੀ ਨਹੀਂ ਕਰ ਰਹੀ ਬਲਕਿ ਅਸਾਮੀਆਂ ਦੇ ਖਾਤਮੇ ਰਾਹੀਂ ਰੁਜਗਾਰਾਂ ਦਾ ਭੋਗ ਪਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅਧਿਆਪਕਾਂ ਵੱਲੋਂ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਜਿਸ ਨੂੰ ਜਲਦੀ ਹੀ ਕੀਤਾ ਜਾਏਗਾ ।
ਉਨ੍ਹਾਂ ਆਖਿਆ ਕਿ ਪੂਰੇ ਬਲਾਕ ਦੇ 40-50 ਪ੍ਰਾਇਮਰੀ ਸਕੂਲਾਂ ਲਈ ਸਿਰਫ ਇੱਕ ਪੀਟੀਆਈ ਕਿਸ ਤਰਾਂ ਖੇਡ ਢਾਂਚੇ ਨੂੰ ਸੰਭਾਲੇਗਾ ਅਤੇ ਮਿਡਲ ਸਕੂਲਾਂ ਵਿੱਚ ਤਿੰਨ ਸਾਲ ( 6ਵੀਂ ਤੋਂ 8ਵੀਂ) ਤੱਕ ਖੇਡਾਂ ਕੌਣ ਕਰਾਵੇਗਾ? ਉਨ੍ਹਾਂ ਖਦਸ਼ਾ ਜਤਾਇਆ ਕਿ ਮਿਡਲ ਸਕੂਲਾਂ ’ਚ ਸੇਵਾਵਾਂ ਨਿਭਾ ਰਹੇ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਅਸਾਮੀਆਂ ਦੇ ਖਾਤਮੇ ਨਾਲ ਸਵੇਰ ਦੀ ਸਭਾ,ਖੇਡ੍ਹਾਂ,ਪੀਟੀ,ਯੋਗ,ਮਿੱਡ ਡੇਅ ਮੀਲ ਤੇ ਸਰੀਰਕ ਸਿੱਖਿਆ ਵਿਸ਼ੇ ਸਮੇਤ ਸਹਿ-ਵਿੱਦਿਅਕ ਗਤੀਵਿਧੀਆਂ ਦਾ ਅੰਤ ਹੋ ਜਾਵੇਗਾ। ਯੂਨੀਅਨ ਆਗੂਆਂ ਨੇ ਕਿਹਾ ਕਿ ਅੰਡਰ-17 ਜਾਂ ਅੰਡਰ-19 ਖੇਡਾਂ ’ਚ ਭਾਗ ਲੈਣ ਵਾਲੇ ਵਿਦਿਆਰਥੀ ਸਿਰਫ ਮਿਡਲ ਸਕੂਲਾਂ ਵਿੱਚੋਂ ਅੰਡਰ-14 ਸਾਲ ਖੇਡਾਂ ਵਿੱਚ ਭਾਗ ਲੈਣ ਤੋਂ ਬਾਅਦ ਹੀ ਖੇਡ੍ਹਦੇ ਹਨ । ਜੇਕਰ ਮਿਡਲ ਵਿੱਚ ਪੋਸਟ ਹੀ ਖਤਮ ਕਰ ਦਿੱਤੀ ਤਾਂ ਅੰਡਰ-14 ਸਾਲ ਉਹ ਖੇਡ੍ਹ ਨਹੀਂ ਸਕਣਗੇ ਅਤੇ ਅੱਗੇ 17 ਤੇ 19 ਸਾਲ ਉਮਰ ਵਰਗ ਲਈ ਖਿਡਾਰੀ ਤਿਆਰ ਨਹੀਂ ਹੋਣਗੇ।
ਉਨ੍ਹਾਂ ਸਰਕਾਰ ਤੋਂ ਸਿੱਖਿਆ ਵਿਭਾਗ ਵੱਲੋਂ ਮਿਡਲ ਸਕੂਲਾਂ ਵਿੱਚੋਂ ਪੀਟੀਆਈ ਦੀ ਅਸਾਮੀ ਸ਼ਿਫਟ ਕਰਨ ਵਾਲੇ ਨੋਟੀਫਿਕੇਸਨ ਨੂੰ ਬਿਨਾ ਦੇਰੀ ਕੀਤਿਆਂ ਰੱਦ ਅਤੇ ਜੇਕਰ ਪੰਜਾਬ ਸਰਕਾਰ ਸੱਚਮੁਚ ਹੀ ਪ੍ਰਾਇਮਰੀ ਸਕੂਲਾਂ ਤੋਂ ਹੀ ਖੇਡ੍ਹਾਂ ਨੂੰ ਪ੍ਰਫੁੱਲਤ ਕਰਨਾ ਚਾਹੁੰਦੀ ਹੈ ਤਾਂ ਪ੍ਰਾਇਮਰੀ ਸਕੂਲਾਂ ਦੇ ਹਰ ਸੈਂਟਰ ਸਕੂਲ ਲਈ ਨਵੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਆਪਣੇ ਫੈਸਲੇ ਨੂੰ ਰੱਦ ਨਹੀਂ ਕਰਦੀ ਤਾਂ ਜੱਥੇਬੰਦੀ ਦੀ ਮੀਟਿੰਗ ਸੱਦ ਕੇ ਇਸ ਫੈਸਲੇ ਨੂੰ ਲੈਕੇ ਵਿਚਾਰਾਂ ਕੀਤੀਆਂ ਜਾਣਗੀਆਂ।