ਸੁਲਤਾਨਪੁਰ ਲੋਧੀ ਦੇ ਪਿੰਡ ਤਲਵੰਡੀ ਚੌਧਰੀਆਂ ਵਿਖੇ ਸਿਹਤ ਸਹੂਲਤ ਸਬੰਧੀ ਕਾਰਡਾਂ ਬਾਰੇ ਜਾਗਰੂਕਤਾ ਲਈ ਖੜੀ ਵੈਨ।
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 01 ਮਾਰਚ 2021: ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਜ਼ਿਲ੍ਹੇ ਦੇ ਲੋਕਾਂ ਲਈ ਗੰਭੀਰ ਬਿਮਾਰੀਆਂ ਦੇ ਇਲਾਜ ਵਿਚ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ, ਕਿਉਂਕਿ ਹੁਣ ਤੱਕ ਇਸ ਯੋਜਨਾ ਤਹਿਤ ਜਿਲ੍ਹੇ ਦੇ 7828 ਲਾਭਪਾਤਰੀਆਂ ਨੇ ਵੱਖ-ਵੱਖ ਸਰਕਾਰੀ ਤੇ ਨਿੱਜੀ ਹਸਪਤਾਲਾਂ ਤੋਂ 5.35 ਕਰੋੜ ਰੁਪੈ ਦੇ ਇਲਾਜ ਦਾ ਲਾਭ ਲਿਆ ਹੈ।
ਜਿਲ੍ਹੇ ਅੰਦਰ ਇਸ ਯੋਜਨਾ ਤਹਿਤ ਸਭ ਤੋਂ ਵੱਧ 7087 ਲਾਭਪਾਤਰੀਆਂ ਨੇ ਡਾਇਲਸਸ ਕਰਵਾਇਆ ਜਿਸ ਉੱਪਰ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ 1.35 ਕਰੋੜ ਰੁਪੈ ਦਾ ਇਲਾਜ ਸਹੂਲਤ ਮੁਫਤ ਦਿੱਤੀ ਗਈ, ਜਦਕਿ 256 ਲਾਭਪਾਤਰੀਆਂ ਵਲੋਂ ਨੇਟਲ ਕੇਅਰ ਤਹਿਤ ਜੱਚਾ-ਬੱਚਾ ਦੀ ਸਾਂਭ ਸੰਭਾਲ ਤੇ ਇਲਾਜ ਉੱਪਰ 1.10 ਕਰੋੜ ਰੁਪੈ ਖਰਚ ਕੀਤੇ ਗਏ।
ਇਸ ਤੋਂ ਇਲਾਵਾ ਕੈਂਸਰ ਦੇ ਮੁਫਤ ਇਲਾਜ ਦਾ ਲਾਭ 238 ਲਾਭਪਾਤਰੀਆਂ ਨੇ ਲਿਆ , ਜਿਸਦੀ ਕੁੱਲ ਰਕਮ 73 ਲੱਖ ਰੁਪੈ ਬਣਦੀ ਹੈ ਜਦਕਿ ਦਿਲ ਦੀ ਸਰਜਰੀ ਦੇ ਗੰਭੀਰ ਮਾਮਲਿਆਂ ਵਿਚ 219 ਵਿਅਕਤੀਆਂ ਨੇ ਮੁਫਤ ਇਲਾਜ ਕਰਵਾਇਆ ਜਿਸ ਉੱਪਰ 1.93 ਕਰੋੜ ਰੁਪੈ ਪੰਜਾਬ ਸਰਕਾਰ ਵਲੋਂ ਖਰਚ ਕੀਤੇ ਗਏ। ਜੋੜ ਬਦਲਾਉਣ ਤੇ ਇਲਾਜ ਲਈ 28 ਲਾਭਪਾਤਰੀਆਂ ਵਲੋਂ 24 ਲੱਖ ਰੁਪੈ ਦੇ ਇਲਾਜ ਦੀ ਸਹੂਲਤ ਲਈ ਗਈ ਹੈ।