ਕਪੂਰਥਲਾ ਦੇ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਤੇ ਹੋਰ।
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 01 ਮਾਰਚ 2021: ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਹੁਲ ਚਾਬਾ ਨੇ ਕਿਹਾ ਹੈ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਦੀ ਪ੍ਰਕਿ੍ਰਆ ਵਿਚ ਤੇਜੀ ਲਿਆਂਦੀ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਲੋਕ ਭਲਾਈ ਵਾਲੀ ਯੋਜਨਾ ਦਾ ਲਾਭ ਲੈ ਸਕਣ।
ਇਸ ਸਬੰਧੀ ਉਨ੍ਹਾਂ ਵਲੋਂ ਅੱਜ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਐਸ.ਡੀ. ਐਮਜ਼, ਸਿਵਲ ਸਰਜਨ ਸਮੂਹ ਐਸ ਐਮ ਓਜ਼ ਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵਲੋਂ ਇਸ ਯੋਜਨਾ ਤਹਿਤ ਵੱਧ ਤੋਂ ਵੱਧ ਆਬਾਦੀ ਨੂੰ ਕਵਰ ਕਰਨ ਲਈ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ, ਕਾਮਨ ਸਰਵਿਸ ਸੈਂਟਰਾਂ (ਸੀਐਸਸੀ) ਅਤੇ ਸੇਵਾ ਕੇਂਦਰਾਂ, ਮਾਰਕੀਟ ਕਮੇਟੀਆਂ ਦੇ ਦਫਤਰਾਂ ਤੇ ਪਿੰਡਾਂ ਵਿੱਚ ਈ-ਹੈਲਥ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਜਿਲ੍ਹੇ ਅੰਦਰ ਕੁੱਲ 3 ਲੱਖ 76 ਹਜ਼ਾਰ ਕਾਰਡ ਬਣਨੇ ਹਨ, ਜਿਸ ਵਿਚੋਂ 108640 ਕਾਰਡ ਬਣਾਏ ਜਾ ਚੁੱਕੇ ਹਨ।
ਲੋਕਾਂ ਵਿਚ ਇਸ ਲੋਕ ਹਿੱਤਕਾਰੀ ਯੋਜਨਾ ਦੇ ਲਾਭਾਂ ਤੇ ਸਹੂਲਤਾਂ ਬਾਰੇ ਜਾਗਰੂਕਤਾ ਲਈ ਸਿਹਤ ਵਿਭਾਗ ਵਲੋਂ ਇਕ ਵੈਨ ਵੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਆਪਣਾ ਕਾਰਡ ਬਣਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਈ-ਕਾਰਡ ਬਣਵਾਉਣ ਲਈ ਸਬੰਧਿਤ ਵਿਭਾਗਾਂ ਜਿਵੇਂ ਕਿ ਖੁਰਾਕ ਤੇ ਸਿਵਲ ਸਪਲਾਈ, ਪੰਜਾਬ ਵਰਕਰਜ਼ ਕੰਸਟਰਕਸ਼ਨ ਬੋਰਡ, ਕਰ ਤੇ ਆਬਕਾਰੀ ਵਿਭਾਗ, ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਯੋਜਨਾ ਤਹਿਤ ਉਨ੍ਹਾਂ ਦੇ ਵਿਭਾਗ ਨਾਲ ਸਬੰਧਿਤ ਵਿਅਕਤੀਆਂ ਦੇ ਕਾਰਡ ਬਣਵਾਉਣਾ ਯਕੀਨੀ ਬਣਾਇਆ ਜਾਵੇ।
ਜ਼ਿਕਰਯੋਗ ਹੈ ਕਿ ਨਵ-ਜੰਮੇ ਦੀ ਦੇਖਭਾਲ ਵਿਚ ਇਨਟੈਂਸਿਵ ਕੇਅਰ ਯੂਨਿਟ (ਆਈ.ਸੀ. ਯੂ.) ਜੋ ਕਿ ਬਿਮਾਰ ਜਾਂ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੀ ਦੇਖਭਾਲ ਵਿਚ ਮਾਹਰ ਹੁੰਦੇ ਹਨ, ਵਿਚਲੇ ਨਵਜੰਮੇ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਦਕਿ ਗਾਇਨੀਕੋਲੋਜੀ ਉਪਚਾਰ ਗਰਭਵਤੀ ਮਾਵਾਂ ਦੇ ਇਲਾਜ ਨੂੰ ਯਕੀਨੀ ਬਣਾਉਂਦਾ ਹੈ।
ਇਸ ਮੌਕੇ ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਐਸ ਡੀ ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਐਸ.ਡੀ.ਐਮ, ਫਗਵਾੜਾ ਸ਼ਾਇਰੀ ਮਲਹੋਤਰਾ, ਐਸ ਡੀ ਐਮ ਭੁਲੱਥ ਬਲਬੀਰ ਰਾਜ ਤੇ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।