ਕਪੂਰਥਲਾ ਦੇ ਲਾਭਪਾਤਰੀਆਂ ਨੂੰ ਸਬਸਿਡੀ ਦੇ ਮਨਜ਼ੂਰੀ ਪੱਤਰ ਦਿੰਦੇ ਹੋਏ ਚੇਅਰਮੈਨ ਮੋਹਨ ਲਾਲ ਸੂਦ।
ਕਪੂਰਥਲਾ ਦੇ 28 ਲਾਭਪਾਤਰੀਆਂ ਨੂੰ 2.80 ਲੱਖ ਰੁਪੈ ਦੀ ਸਬਸਿਡੀ ਦੇ ਮਨਜ਼ੂਰੀ ਪੱਤਰ ਵੰਡੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 01 ਮਾਰਚ 2021: ਪੰਜਾਬ ਅਨੁਸੂਚਿਤ ਜਾਤੀਆਂ , ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਮੋਹਨ ਲਾਲ ਸੂਦ ਨੇ ਕਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਇਕ ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ, ਜਿਸ ਨਾਲ ਵੱਖ-ਵੱਖ ਬੈਂਕਾਂ ਦੁਆਰਾ ਇਨ੍ਹਾਂ ਲਾਭਪਾਤਰੀਆਂ ਨੂੰ 8.25 ਕਰੋੜ ਰੁਪੈ ਦੇ ਕਰਜ਼ ਉਪਲਬਧ ਹੋ ਸਕਣਗੇ।
ਅੱਜ ਕਾਰਪੋਰੇਸ਼ਨ ਵਲੋਂ ਜ਼ਿਲ੍ਹਾ ਕਪੂਰਥਲਾ ਦੇ ਅਨੁਸੂਚਿਤ ਜਾਤੀਆਂ ਦੇ 28 ਲੋੜਵੰਦ ਲਾਭਪਾਤਰੀਆਂ ਨੂੰ 2.80 ਲੱਖ ਰੁਪਏ ਦੀ ਸਬਸਿਡੀ ਦੇ ਮਨਜ਼ੂਰੀ ਪੱਤਰ ਵੰਡੇ ਗਏ।
ਇਸ ਮੌਕੇ ਡਾ:ਰਾਮ ਲਾਲ ਜੱਸੀ ਵਾਇਸ ਚੇਅਰਮੈਨ, ਅਸ਼ੋਕ ਕੁਮਾਰ ਜ਼ਿਲ੍ਹਾ ਮੈਨੇਜ਼ਰ, ਕਪੂਰਥਲਾ, ਲਖਵਿੰਦਰ ਸਿੰਘ ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ ਵੀ ਹਾਜ਼ਰ ਸਨ।
ਇਸ ਮੌਕੇ ਚੇਅਰਮੈਨ ਸ੍ਰੀ ਸੂਦ ਨੇ ਲਾਭਪਾਤਰੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਲਾਭ ਪਹੁੰਚਾਉਣ ਹਿੱਤ ਲਾਲ ਲਕੀਰ ਦੇ ਅੰਦਰ ਦੀ ਜਾਇਦਾਦ ਦੀ ਮਲਕੀਅਤ ਸਬੰਧੀ ਮਾਲਕਾਨਾ ਹੱਕ ਲੋਕਾਂ ਨੂੰ ਦੇਣ ਬਾਰੇ ਮਾਲ ਵਿਭਾਗ ਨੂੰ ਹੁਕਮ ਕੀਤੇ ਗਏ ਹਨ, ਜਿਸ ਨਾਲ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਕਰਜ਼ ਲੈਣ ਸਮੇਂ ਜ਼ਮਾਨਤ ਦੇਣ ਸਬੰਧੀ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ।
ਉਨ੍ਹਾਂ ਕਿਹਾ ਕਿ ਹੁਣ ਤੱਕ 405 ਲਾਭਪਾਤਰੀਆਂ ਨੂੰ 703.58 ਲੱਖ ਰੁਪਏ ਦਾ ਹੋਰ ਕਰਜ਼ ਵੀ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਜਦਕਿ ਕਾਰਪੋਰੇਸ਼ਨ ਵਲੋਂ ਕਰਜ਼ ਵੰਡਣ ਦੇ ਨਾਲ ਨਾਲ ਹੁਣ ਤੱਕ 811.46 ਲੱਖ ਰੁਪਏ ਕਰਜਿਆਂ ਦੀ ਵਸੂਲੀ ਵੀ ਕੀਤੀ ਗਈ ਹੈ।