ਹਰਦਮ ਮਾਨ
ਸਰੀ, 01 ਮਾਰਚ 2021: ਵੈਨਕੂਵਰ:ਵੈਨਕੂਵਰ ਵਿਚਾਰ ਮੰਚ ਵਲੋਂ ਸੰਗੀਤ ਜਗਤ ਦੀਆਂ ਉਘੀਆਂ ਸ਼ਖਸੀਅਤਾਂ ਜਗਜੀਤ ਜ਼ੀਰਵੀ ਅਤੇ ਸਰਦੂਲ ਸਿਕੰਦਰ ਦੇ ਚਲਾਣੇ ਉਪਰੰਤ ਸ਼ੋਕ ਦਾ ਪ੍ਰਗਟਾਵਾ ਕੀਤਾ ਤੇ ਇਸ ਨੂੰ ਪੰਜਾਬੀ ਸਾਹਿਤ ਤੇ ਸੰਗੀਤ ਜਗਤ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
ਚਿਤਰਕਾਰ ਜਰਨੈਲ ਸਿੰਘ ਦੀ ਸੰਚਾਲਨਾ ਹੇਠ ਹੋਈ ਵਿਸ਼ੇਸ਼ ਜ਼ੂਮ ਮੀਟਿੰਗ ਵਿਚ ਉਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਦੋਨੋਂ ਹੀ ਉੱਚ ਕੋਟੀ ਦੇ ਗਾਇਕ ਸਨ ਤੇ ਜਿਥੇ ਸਰਦੂਲ ਸਿਕੰਦਰ ਸਟਾਰ ਗਾਇਕ ਸੀ, ਜ਼ੀਰਵੀ ਹੋਰਾਂ ਦੀ ਗਾਇਕੀ ਸਾਹਿਤਕ ਸੀ। ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਦੋਨਾਂ ਹੀ ਗਾਇਕਾਂ ਦੀ ਅਪਣੇ ਅਪਣੇ ਖੇਤਰ ਵਿਚ ਵਿਲੱਖਣ ਪ੍ਰਾਪਤੀ ਤੇ ਸਥਾਨ ਸੀ। ਅੰਗਰੇਜ਼ ਬਰਾੜ ਨੇ ਉਹਨਾਂ ਨਾਲ ਅਪਣੀਆਂ ਨਿਜੀ ਯਾਦਾਂ ਸਾਂਝੀਆਂ ਕੀਤੀਆਂ। ਹਰਦਮ ਸਿੰਘ ਮਾਨ ਨੇ ਦੱਸਿਆ ਕਿ ਜ਼ੀਰਵੀ ਹੋਣਾਂ ਨੇ ਜੈਤੋ ਦੇ ਉਸਤਾਦ ਸ਼ਾਇਰ ਦੀਪਕ ਜੈਤੋਈ ਦੇ ਨਾਲ ਨਾਲ ਸ਼ਿਵ ਕੁਮਾਰ, ਸ.ਸ. ਮੀਸ਼ਾ, ਗੁਰਚਰਨ ਰਾਮਪੁਰੀ ਤੇ ਹੋਰਨਾਂ ਸ਼ਾਇਰਾਂ ਦੀਆਂ ਗਜ਼ਲਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿਚ ਗਾ ਕੇ ਮਕਬੂਲੀਅਤ ਪ੍ਰਦਾਨ ਕੀਤੀ। ਚਿਤਰਕਾਰ ਜਰਨੈਲ ਸਿੰਘ ਨੇ ਜ਼ੀਰਵੀ ਹੋਰਾਂ ਨਾਲ ਪਰਿਵਾਰਕ ਸਾਂਝ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਦੋਨੋ ਹੀ ਵੱਡੇ ਕਲਾਕਾਰ ਸਨ। ਸ਼ਾਇਰ ਜਸਵਿੰਦਰ ਨੇ ਵੀ ਜ਼ੀਰਵੀ ਹੋਰਾਂ ਦੀ ਸਾਹਿਤਕ ਗਾਇਕੀ ਨਾਲ ਪ੍ਰਤੀਬੱਧਤਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਪਰਮਜੀਤ ਸੇਖੋਂ, ਚਮਕੌਰ ਸਿੰਘ ਸੇਖੋਂ ਤੇ ਨਵਦੀਪ ਗਿੱਲ ਨੇ ਵੀ ਸਰਦੂਲ ਸਿਕੰਦਰ ਅਤੇ ਜਗਜੀਤ ਜ਼ੀਰਵੀ ਦੇ ਵਿਛੋੜੇ ਨੂੰ ਵੱਡਾ ਘਾਟਾ ਦੱਸਿਆ।