ਕੈਲੀਫੋਰਨੀਆ ਦੇ ਸਿਹਤ ਸੰਭਾਲ ਕਰਮਚਾਰੀ ਕਰ ਰਹੇ ਹਨ ਮਾਨਸਿਕ ਸਿਹਤ ਸੰਕਟ ਦਾ ਸਾਹਮਣਾ,ਜਾਣੋ ਵਜ੍ਹਾ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 1 ਮਾਰਚ 2021: ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਅਮਰੀਕੀ ਸੂਬਾ ਕੈਲੀਫੋਰਨੀਆ ਬਹੁਤ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਇਆ ਹੈ। ਕੈਲੀਫੋਰਨੀਆ ਤਕਰੀਬਨ 52,000 ਕੋਰੋਨਾ ਮੌਤਾਂ ਨਾਲ ਦੇਸ਼ ਦੀ ਅਗਵਾਈ ਕਰ ਰਿਹਾ ਹੈ। ਮੌਜੂਦਾ ਸਮੇਂ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਦਾਖਲੇ ਅਤੇ ਲਾਗ ਦੀ ਦਰ ਘੱਟ ਰਹੀ ਹੈ, ਪਰ ਕੋਰੋਨਾ ਵਾਇਰਸ ਦੇ ਸੰਕਟ ਕਰਕੇ ਕੁੱਝ ਸਿਹਤ ਕਰਮਚਾਰੀ ਮਾਨਸਿਕ ਸਿਹਤ ਸੰਕਟ ਦਾ ਸਾਹਮਣਾ ਕਰ ਰਹੇ ਹਨ।ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਖਾਸ ਕਰਕੇ ਇੰਟੈਂਸਿਵ ਕੇਅਰ ਯੂਨਿਟ (ਆਈ ਸੀ ਯੂ) ਵਿੱਚ ਕੰਮ ਕਰਨ ਵਾਲੇ ਸਿਹਤ ਕਰਮਚਾਰੀ ਜਿਆਦਾਤਰ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪ੍ਰਭਾਵਿਤ ਹੋ ਰਹੇ ਹਨ। ਇਸ ਸੰਬੰਧੀ ਨਵੇਂ ਅਧਿਐਨ ਦਰਸਾਉਂਦੇ ਹਨ ਕਿ ਲੱਗਭਗ ਅੱਧੇ ਕਰਮਚਾਰੀ ਮਾਨਸਿਕ ਸਿਹਤ ਸਮੱਸਿਆਵਾਂ ਜਿਵੇ ਕਿ ਚਿੰਤਾ, ਉਦਾਸੀ, ਇਨਸੌਮਨੀਆ ਆਦਿ ਦਾ ਸਾਹਮਣਾ ਕਰ ਰਹੇ ਹਨ।
ਇਹਨਾਂ ਸਮੱਸਿਆਵਾਂ ਦੇ ਸੰਬੰਧ ਵਿੱਚ ਲਾਸ ਏਂਜਲਸ 'ਚ ਇੱਕ ਵੱਡੇ ਹਸਪਤਾਲ ਦੇ ਆਈ ਸੀ ਯੂ ਲਈ ਕਲੀਨਿਕਲ ਨਰਸਿੰਗ ਡਾਇਰੈਕਟਰ, ਰੇਬੇਕਾ ਸੰਡੋਵਾਲ ਅਨੁਸਾਰ ਇਹ ਇੱਕ ਲੰਮਾ ਸ਼ੰਘਰਸ਼ ਹੈ ਅਤੇ ਮਰੀਜਾਂ ਵਿੱਚ ਵਾਧੇ ਦੇ ਨਾਲ ਸਟਾਫ ਉੱਪਰ ਵੀ ਕੰਮ ਦਾ ਭਾਰ ਵਧ ਜਾਂਦਾ ਹੈ। ਇਸਦੇ ਇਲਾਵਾ ਸਿਹਤ ਸੰਭਾਲ ਕਰਮਚਾਰੀਆਂ ਦੇ ਤਣਾਅ ਵਿੱਚ ਵਾਧਾ ਹੋਣ ਦਾ ਕਾਰਨ ਉਹਨਾਂ ਦੇ ਕਮਿਊਨਿਟੀ ਮੈਂਬਰਾਂ ਦਾ ਹਸਪਤਾਲਾਂ ਵਿੱਚ ਦਾਖਲ ਹੋਣਾ ਵੀ ਹੈ। ਬਾਈਡੇਨ ਪ੍ਰਸ਼ਾਸਨ ਦੁਆਰਾ ਇਸ ਸਮੱਸਿਆ ਵਿੱਚ ਸਟਾਫ ਦੀ ਸਹਾਇਤਾ ਕਰਨ ਲਈ ਇੰਟੈਂਸਿਵ ਕੇਅਰ ਯੂਨਿਟ ਵਿੱਚ ਸਹਾਇਤਾ ਲਈ ਫੌਜਾਂ ਨੂੰ ਵੀ ਤਾਇਨਾਤ ਕੀਤਾ ਹੈ। ਸਰਕਾਰ ਦੇ ਇਸ ਕਦਮ ਨਾਲ ਸਿਹਤ ਕਰਮਚਾਰੀਆਂ ਦੀ ਸਹਾਇਤਾ ਹੋਣ ਦੇ ਨਾਲ ਉਹਨਾਂ ਦੀਆਂ ਮਾਨਸਿਕ ਸਮੱਸਿਆਵਾਂ ਵੀ ਘਟ ਸਕਦੀਆਂ ਹਨ।