ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 2 ਮਾਰਚ 2021-ਸਥਾਨਕ ਜਲਾਲਾਬਾਦ ਰੋਡ ’ਤੇ ਰੇਲਵੇ ਫਾਟਕ ’ਤੇ ਬਣ ਰਹੇ ਰੋਡ ਓਵਰਬਿ੍ਰਜ਼ ਦੀ ਉਸਾਰੀ ’ਚ ਲਗਾਤਾਰ ਹੋ ਰਹੀ ਦੇਰੀ ਕਾਰਨ ਸ਼ਹਿਰ ਦਾ ਵਪਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। 16 ਜਨਵਰੀ 2020 ਨੂੰ ਭੁੱਲਰ ਕੰਸਟ੍ਰਕਸ਼ਨ ਕੰਪਨੀ ਨੂੰ 15 ਮਹੀਨਿਆਂ ਵਿਚ ਪੁਲ ਮੁਕੰਮਲ ਕਰਨ ਦਾ ਠੇਕਾ 17 ਕਰੋੜ ਵਿਚ ਹੋਇਆ ਸੀ ਅਤੇ 15 ਮਹੀਨਿਆਂ ਵਿਚ ਰੋਡ ਓਵਰਬਿ੍ਰਜ਼ ਨੂੰੁ ਮੁਕੰਮਲ ਕਰਨ ਦੇ ਲੋਕ ਨਿਰਮਾਣ ਮੰਤਰੀ ਦੇ ਦਾਅਵੇ ਹਵਾਈ ਸਾਬਤ ਹੋਏ ਹਨ। ਪੁਲ ਉਸਾਰੀ ਦੀ ਦੇਰੀ ਕਾਰਨ ਇਲਾਕੇ ਦੇ ਵਪਾਰੀਆਂ, ਪੇਂਡੂ ਅਤੇ ਸ਼ਹਿਰੀਆਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। 21 ਜਨਵਰੀ 2019 ਨੂੰ ਇਸ ਪੁਲ ਦੀ ਉਸਾਰੀ ਦਾ ਮਹੂਰਤ ਵਿਜੇ ਇੰਦਰ ਸਿੰਗਲਾ ਮੰਤਰੀ ਨੇ ਭੂਮੀ ਪੂਜਣ ਕਰਕੇ ਸ਼ੁਰੂ ਕੀਤਾ ਸੀ ਅਤੇ ਜਨਤਾ ਨੂੰ ਵਿਸ਼ਵਾਸ਼ ਦਵਾਇਆ ਸੀ ਕਿ ਪੁਲ ਦੀ ਉਸਾਰੀ 15 ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗੀ, ਲੇਕਿਨ 15 ਮਹੀਨਿਆਂ ਬਾਅਦ ਵੀ ਪੁਲ ਦੀ ਉਸਾਰੀ ਦਾ ਕੰਮ ਅਧੂਰਾ ਹੋਣ ਕਾਰਨ ਸ਼ਹਿਰ ਦੇ ਵਪਾਰੀ ਅਤੇ ਆਮ ਜਨਤਾ ਪ੍ਰੇਸ਼ਾਨ ਹੈ। 2 ਸਾਲ ਪਹਿਲਾਂ ਰੇਲਵੇ ਫਾਟਕ ਨੰਬਰ ਬੀ-30 ’ਤੇ ਟੈ੍ਰਫਿਕ ਜਾਮ ਤੋਂ ਨਿਜ਼ਾਤ ਦਵਾਉਣ ਲਈ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਫਾਟਕ ਨੂੰ 13 ਫਰਵਰੀ 2019 ਨੂੰ ਬੰਦ ਕਰ ਦਿੱਤਾ ਗਿਆ। ਜਲਾਲਾਬਾਦ ਰੋਡ ਅਤੇ ਗੁਰੂਹਰਸਹਾਏ ਰੋਡ ਤੋਂ ਘਾਹ ਮੰਡੀ ਬਜ਼ਾਰ ਵੱਲ ਜਾਣ ਲਈ ਫਾਟਕ ਬੰਦ ਹੋਣ ਕਾਰਨ ਕੋਈ ਵੀ ਰਸਤਾ ਨਾ ਹੋਣ ਕਰਕੇ ਦੁਕਾਨਦਾਰਾਂ ਅਤੇ ਵਪਾਰੀਆਂ ਦਾ ਕੰਮ ਖਤਮ ਹੋਣ ਦੇ ਕਿਨਾਰੇ ਹੈ। ਇੰਨਾਂ ਸੜਕਾਂ ਨਾਲ ਜੁੜੇ ਕਾਫੀ ਪਿੰਡ-ਸ਼ਹਿਰ ਵਿਚ ਫਾਟਕ ਤੋਂ ਅੱਗੇ ਤੱਕ ਨਹੀਂ ਪਹੁੰਚ ਸਕਦੇ ਅਤੇ ਬੁਰੀ ਤਰ੍ਹਾਂ ਦੁਖੀ ਹਨ, ਖਾਸ ਤੌਰ ’ਤੇ ਕਚਹਿਰੀਆਂ ਅਤੇ ਸਰਕਾਰੀ ਹਸਪਤਾਲ ਤੱਕ ਪਹੁੰਚਣ ਤੱਕ ਕਾਫੀ ਸਮਾਂ ਲੱਗ ਜਾਂਦਾ ਹੈ, ਕਿਉਂਕਿ ਲੰਬਾ ਰਸਤਾ ਤੈਅ ਕਰਨਾ ਪੈਂਦਾ ਹੈ। ਪੁਲ ਉਸਾਰੀ ਵਿਚ ਦੇਰੀ ਦਾ ਮੁੱਖ ਕਾਰਨ ਫੰਡਾਂ ਦੀ ਘਾਟ ਵੀ ਹੈ। ਅੱਜ ਤੱਕ ਪੰਜਾਬ ਸਰਕਾਰ ਨੇ 26 ਮਹੀਨਿਆਂ ਵਿਚ ਪੁਲ ਲਈ 17 ਕਰੋੜ ਦੀ ਬਜਾਏ ਕੇਵਲ 4.50 ਕਰੋੜ ਰੁਪਏ ਹੀ ਰਿਲੀਜ਼ ਕੀਤੇ ਹਨ। ਜੇਕਰ ਪੰਜਾਬ ਸਰਕਾਰ ਨੇ 31 ਮਾਰਚ 2021 ਤੱਕ 5 ਕਰੋੜ ਰੁਪਏ ਇਸ ਪੁਲ ਲਈ ਅਲਾਟ ਨਾ ਕੀਤੇ ਤਾਂ ਪੁਲ ਮੁਕੰਮਲ ਹੋਣ ਦੀ ਆਸ ਟੁੱਟ ਜਾਵੇਗੀ ਅਤੇ ਅਸੈਂਬਲੀ 2022 ਦੀਆਂ ਚੋਣਾਂ ਵਿਚ ਇਸ ਪੁਲ ਦੀ ਉਸਾਰੀ ਦੀ ਦੇਰੀ ਦਾ ਸਰਕਾਰ ’ਤੇ ਪੂਰਾ ਅਸਰ ਪਵੇਗਾ। ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਬੇਦੀ, ਮੀਤ ਪ੍ਰਧਾਨ ਭੰਵਰ ਲਾਲ ਸ਼ਰਮਾ, ਜਨਰਲ ਸੱਕਤਰ ਗੋਬਿੰਦ ਸਿੰਘ ਦਾਬੜਾ, ਸਕੱਤਰ ਸੁਦਰਸ਼ਨ ਸਿਡਾਨਾ, ਸੰਗਠਨ ਸੱਕਤਰ ਜਸਵੰਤ ਸਿੰਘ ਬਰਾੜ, ਵਿੱਤ ਸਕੱਤਰ ਸੁਭਾਸ਼ ਚਗਤੀ ਅਤੇ ਪ੍ਰੈਸ ਸਕੱਤਰ ਕਾਲਾ ਸਿੰਘ ਬੇਦੀ ਦਾ ਕਹਿਣਾ ਹੈ ਕਿ ਪੁਲ ਦੀ ਉਸਾਰੀ ਬਹੁਤ ਸੁਸਤ ਰਫਤਾਰ ਨਾਲ ਚੱਲ ਰਹੀ ਹੈ, ਜਿਸ ਕਾਰਨ ਸ਼ਹਿਰ ਦਾ ਵਪਾਰ ਬੰਦ ਹੋਣ ਦੇ ਕਿਨਾਰੇ ਹੈ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਦੀ ਉਸਾਰੀ ਲਈ 31 ਮਾਰਚ ਤੋਂ ਪਹਿਲਾਂ-ਪਹਿਲਾਂ 5 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾਵੇ ਅਤੇ ਪੁਲ ਉਸਾਰੀ ਵੱਲ ਖਾਸ ਧਿਆਨ ਦਿੱਤਾ ਜਾਵੇ, 30 ਜੂਨ 2021 ਤੱਕ ਇਹ ਕੰਮ ਮੁਕੰਮਲ ਕਰਨ ਦੇ ਠੋਸ ਉਪਰਾਲੇ ਕੀਤੇ ਜਾਣ ਅਤੇ ਹੋਰ ਲੋੜੀਂਦੇ ਫੰਡ ਵੀ ਜਾਰੀ ਕੀਤੇ ਜਾਣ।