ਅਸ਼ੋਕ ਵਰਮਾ
ਬਠਿੰਡਾ,2ਮਾਰਚ2021: ਬਠਿੰਡਾ ਪੁਲਿਸ ਨੇ ਏ ਕੈਟਾਗਰੀ ਦੇ ਗੈਂਗਸਟਰ ਰੰਮੀ ਮਛਾਣਾ ਅਤੇ ਉਸ ਦੇ ਦੋ ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇੰਨ੍ਹਾਂ ਗ੍ਰਿਫਤਾਰੀਆਂ ਨਾਲ ਗੈਂਗਸਟਰਵਾਦ ਦਾ ਖਤਰਾ ਟਲ ਗਿਆ ਹੈ। ਅੱਜ ਬਠਿੰਡਾ ਰੇਂਜ ਦੇ ਆਈਜੀ ਜਸਕਰਨ ਸਿੰਘ ਅਤੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਬਤ ਖੁਲਾਸਾ ਕੀਤਾ ਹੈ। ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਮੁਲਜਮਾਂ ’ਚ ਰਮਨਦੀਪ ਸਿੰਘ ਉਰਫ ਰੰਮੀ ਮਛਾਣਾ ਪੁੱਤਰ ਜਰਨੈਲ ਸਿੰਘ ਵਾਸੀ ਮਛਾਣਾ ਥਾਣਾ ਸੰਗਤ ਜਿਲ੍ਹਾ ਬਠਿੰਡਾ, ਜਗਸੀਰ ਸਿੰਘ ਉਰਫ ਜੱਗਾ ਸਰਪੰਚ ਪੁੱਤਰ ਬਚਿੱਤਰ ਸਿੰਘ ਵਾਸੀ ਤਖਤਮੱਲ ਥਾਣਾ ਕਿੱਲਿਆਂ ਵਾਲੀ ਜਿਲ੍ਹਾ ਸਿਰਸਾ (ਹਰਿਆਣਾ) ਅਤੇ ਯੂਪੀ ਦਾ ਇੱਕ ਵਿਅਕਤੀ ਸ਼ਾਮਲ ਹੈ ਜਿਸ ਦਾ ਨਾਮ ਪੜਤਾਲ ਪ੍ਰਭਾਵਿਤ ਹੋਣ ਦੇ ਡਰੋਂ ਗੁਪਤ ਰੱਖਿਆ ਜਾ ਰਿਹਾ ਹੈ।
ਪੁਲਿਸ ਨੇ ਰੰਮੀ ਮਛਾਣਾ ਕੋਲੋਂ 32 ਬੋਰ ਦੇ 3 ਪਿਸਤੌਲ ਤੇ 14 ਕਾਰਤੂਸਾਂ ਤੋਂ ਇਲਾਵਾ ਜੇਲ੍ਹ ’ਚ ਵਰਤਿਆ ਜਾ ਰਿਹਾ ਮੋਬਾਇਲ ,ਹੈਡ ਫੋਨ, ਚਾਰਜਰ ਅਤੇ ਰਾਇਬਰ ਬਰਾਮਦ ਕੀਤਾ ਹੈ। ਇਸੇ ਤਰਾਂ ਹੀ ਜਗਸੀਰ ਸਿੰਘ ਕੋਲੋਂ 4 ਪਿਸਤੌਲ,17 ਰੌਦ ਅਤੇ ਇੱਕ ਸਕਾਰਪੀਓ ਬਰਾਮਦ ਕੀਤੀ ਹੈ। ਆਈਜੀ ਨੇ ਦੱਸਿਆ ਕਿ ਸੀ.ਆਈ.ਏ ਸਟਾਫ-2 ਬਠਿੰਡਾ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਨੂੰ ਇਸ ਸਬੰਧ ’ਚ ਗੁਪਤ ਸੂਚਨਾ ਹਾਸਲ ਹੋਈ ਸੀ ਜਿਸ ਦੇ ਅਧਾਰ ਤੇ ਪਿਛਲੇ ਦਿਨੀ ਮਨਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ,ਅੰਮ੍ਰਿਤਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਹੁਸਨਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਪਰਮਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਦਸਮੇਸ਼ ਨਗਰ ਬਠਿੰਡਾ ਨੂੰ ਗਿਫਤਾਰ ਕਰਕੇ ਦੋ ਪਿਸਤੌਲ ਅਤੇ 14 ਕਾਰਤੂਸ ਬਰਾਮਦ ਕੀਤੇ ਸਨ।
ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਥਾਣਾ ਕੈਨਾਲ ਕਲੋਨੀ ’ਚ ਮੁਕੱਦਮਾ ਦਰਜ ਕਰਨ ਉਪਰੰਤ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਪਟਿਆਲਾ ਜੇਲ੍ਹ ’ਚ ਬੰਦ ਏ ਕੈਟਾਗਰੀ ਦਾ ਗੈਂਗਸਟਰ ਰਮਨਦੀਪ ਸਿੰਘ ਉਰਫ ਰੰਮੀ ਮਛਾਣਾ ਪੁੱਤਰ ਜਰਨੈਲ ਸਿੰਘ ਵਾਸੀ ਮਛਾਣਾ ਥਾਣਾ ਸੰਗਤ ਜਿਲ੍ਹਾ ਬਠਿੰਡਾ ਜੇਲ੍ਹ ਵਿੱਚੋਂ ਹੀ ਨਵਾ ਗੈਂਗ ਬਣਾ ਰਿਹਾ ਹੈ। ਇਸ ਕੰਮ ਲਈ ਰੰਮੀ ਮਛਾਣਾ ਵੱਲੋਂ ਫੋਨ ਤੇ ਹੀ ਆਪਣੇ ਸਾਥੀਆਂ ਨਾਲ ਤਾਲਮੇਲ ਬਣਾ ਕੇ ਢੁੱਤਰ ਪ੍ਰਦੇਸ਼ ਤੋ ਹਥਿਆਰ ਮੰਗਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਜਾਣਕਾਰੀ ਦੇ ਅਧਾਰ ਤੇ ਪੁਲਿਸ ਨੇ ਰਮਨਦੀਪ ਸਿੰਘ ਵੱਲੋਂ ਆਪਣੇ ਕੋਲ ਚੱਲ ਰਹੇ ਫੋਨ ਰਾਹੀਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਅਧੁਨਿਕ ਤਕਨੀਕਾਂ ਨਾਲ ਜਾਣਕਾਰੀ ਹਾਸਲ ਕਰ ਲਈ।
ਆਈਜੀ ਨੇ ਦੱਸਿਆ ਕਿ ਇਸ ਦੇ ਅਧਾਰ ਤੇ ਸੀਆਈਏ ਸਟਾਫ ਵੱਲੋਂ ਰਮਨਦੀਪ ਸਿੰਘ ਨੂੰ ਕੇਂਦਰੀ ਜੇਲ ਪਟਿਆਲਾ ਤੋ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਜਿਸ ਕੋਲੋਂ ਰਿਮਾਂਡ ਲੈਣ ਉਪਰੰਤ ਪੁੱਛ ਗਿੱਛ ਦੇ ਅਧਾਰ ਤੇ ਜਗਸੀਰ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਤੋ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਅਸਲਾ ਉਨ੍ਹਾਂ ਨੂੰ ਯੂ.ਪੀ ਤੋ ਸਪਲਾਈ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਅਸਲਾ ਖਰੀਦ ਕਰਨ ਲਈ ਸਟੇਟ ਬੈਂਕ ਆਫ ਇੰਡੀਆ ਜਿਲ੍ਹਾ ਸ਼ਾਮਲੀ (ਯੂ.ਪੀ.) ’ਚ ਤੀਸਰੇ ਵਿਅਕਤੀ ਦੇ ਖਾਤੇ ’ਚ ਜਮ੍ਹਾ ਕਰਵਾਏ ਗਏ ਹਨ। ਆਈਜੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਯੂਪੀ ਦੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਗਿਆ ਹੈ। ਇਸ ਮੌਕੇ ਡੀਐਸਪੀ ਡੀ ਬਲਵਿੰਦਰ ਸਿੰਘ ਰੰਧਾਵਾ ਅਤੇ ਇੰਸਪੈਕਟਰ ਜਸਵੀਰ ਸਿੰਘ ਔਲਖ ਹਾਜਰ ਸਨ।
ਮੁਲਜਮਾਂ ਦਾ ਰਿਕਾਰਡ ਅਪਰਾਧਿਕ:
ਆਂਹੀਜੀ ਨੇ ਦੱਸਿਆ ਕਿ ਮੁਲਜਮਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ। ਗੈਂਗਸਟਰ ਰੰਮੀ ਮਛਾਣਾ ਖਿਲਾਫ 34 ਮੁਕੱਦਮੇ ਦਰਜ ਹਨ ਜਿੰਨ੍ਹਾਂ ਚੋਂ ਇੱਕ ਕਤਲ ਦੇ ਮਾਮਲੇ ’ਚ ਉਹ ਉਮਰ ਕੈਣ ਦੀ ਸਜ਼ਾ ਕੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਗਸੀਰ ਸਿੰਘ ਖਿਲਾਫ 23 ਪੁਲਿਸ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਹੁਣ ਗ੍ਰਿਫਤਾਰ ਮੁਲਜਮਾਂ ਕੋਲੋਂ ਡੂੰਘਾਈ ਨਾਲ ਪੁੱਛਗਿਛ ਕਰੇਗੀ ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।