- ਸਿੱਖਿਆ ਸਕੱਤਰ ਨੇ ਨਵੀਂ ਸਿੱਖਿਆ ਨੀਤੀ ਤਹਿਤ ਸਕੂਲੀ ਸਿੱਖਿਆ ਦੇ ਉਜਾੜੇ ਦਾ ਮੁੱਢ ਬੰਨ੍ਹਿਆ ਡੀ.ਟੀ.ਐਫ
ਚੰਡੀਗੜ੍ਹ, 2 ਮਾਰਚ 2021 - ਸਿੱਖਿਆ ਵਿਭਾਗ ਪੰਜਾਬ ਦੁਆਰਾ ਬਦਲੀਆਂ ਦੀ ਆੜ ਹੇਠ ਰੇਸ਼ਨਲਾਈਜੇਸ਼ਨ ਕਰਕੇ ਪ੍ਰਾਇਮਰੀ, ਮਿਡਲ,ਹਾਈ ਅਤੇ ਸੈਕੰਡਰੀ ਸਕੂਲਾਂ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਅਸਾਮੀਆਂ ਖ਼ਤਮ ਕਰਨ ਦੇ ਖਿਲਾਫ਼ ਅਧਿਆਪਕਾਂ ਵਿੱਚ ਭਾਰੀ ਰੋਹ ਵੇਖਣ ਨੂੰ ਮਿਲਿਆ। ਇਸ ਦੌਰਾਨ ਜ਼ਿਲ੍ਹਾ ਬਠਿੰਡਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਡੀ.ਟੀ.ਐੱਫ.ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਅਤੇ ਫਿਜ਼ੀਕਲ ਐਜੂਕੇਸ਼ਨ ਤੇ ਸਪੋਰਟਸ ਐਸੋਸੀਏਸ਼ਨ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਕੁਮਾਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਅਧਿਆਪਕਾਂ ਸਮੇਤ ਡੀ.ਈ.ਓ. ਦਫ਼ਤਰ ਬਠਿੰਡਾ ਵਿਖੇ ਪੁੱਜੀਆਂ ਅਤੇ ਉਨ੍ਹਾਂ ਨੇ ਸਿੱਖਿਆ ਮੰਤਰੀ ਪੰਜਾਬ ਦੇ ਨਾਮ ਡੀ.ਈ.ਓ.ਸੈਕੰਡਰੀ ਅਤੇ ਐਲੀਮੈਂਟਰੀ ਨੂੰ ਮੰਗ ਪੱਤਰ ਦਿੱਤਾ।
ਜਥੇਬੰਦਕ ਆਗੂਆਂ ਨੇ ਡੀ.ਈ.ਓ. ਸੈਕੰਡਰੀ ਅਤੇ ਐਲੀਮੈਂਟਰੀ ਨੂੰ ਸੁਣਾਉਣੀ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਹੱਦ ਤੱਕ ਅਸਾਮੀਆਂ ਦੇ ਖ਼ਾਤਮੇ ਨੂੰ ਅਤੇ ਸਿੱਖਿਆ ਦੇ ਉਜਾੜੇ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਡੀ.ਟੀ.ਐਫ. ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ,ਸਕੱਤਰ ਬਲਜਿੰਦਰ ਸਿੰਘ ਅਤੇ ਸੂਬਾ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਸਕੱਤਰ ਅਧਿਆਪਕ ਵਿਰੋਧੀ ਹਰਕਤਾਂ ਤੋਂ ਬਾਜ਼ ਆਵੇ ਅਤੇ ਸਿੱਖਿਆ ਵਿਭਾਗ ਵਿੱਚ ਵੱਡੇ ਪੱਧਰ 'ਤੇ ਜੋ ਅਸਾਮੀਆਂ ਦਾ ਕੱਟ ਲਗਾਇਆ ਗਿਆ ਹੈ ਉਹ ਅਸਾਮੀਆਂ ਦੁਬਾਰਾ ਈ ਪੰਜਾਬ ਪੋਰਟਲ 'ਤੇ ਬਹਾਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਤਕਨੀਕੀ ਨੁਕਸ ਦਾ ਬਹਾਨਾ ਬਣਾ ਕੇ ਪੰਜਾਬ ਦੇ ਸਕੂਲਾਂ ਦੀਆਂ ਅਸਾਮੀਆਂ ਦਾ ਅਤੇ ਸਕੂਲੀ ਸਿੱਖਿਆ ਦਾ ਉਜਾਡ਼ਾ ਕਰ ਰਿਹਾ ਹੈ ਜਿਸ ਦਾ ਸਮੁੱਚੇ ਪੰਜਾਬ ਦੇ ਅਧਿਆਪਕ ਮੂੰਹ ਤੋੜਵਾਂ ਜਵਾਬ ਦੇਣਗੇ।
ਐੱਸ.ਐੱਸ.ਏ ਰਮਸਾ ਦੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਜੀਦਾ, 6060 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਵਿਕਾਸ ਗਰਗ ਰਾਮਪੁਰਾ ਅਤੇ ਪ੍ਰੈੱਸ ਸਕੱਤਰ ਬਿਕਰਮਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਸਕੱਤਰ ਵੱਲੋਂ ਇਨ੍ਹਾਂ ਅਸਾਮੀਆਂ ਦੇ ਸਬੰਧ ਵਿੱਚ ਜੋ ਜ਼ਿਲ੍ਹਾ ਪੱਧਰੀ ਕਮੇਟੀਆਂ ਗਠਨ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਮੇਟੀਆਂ ਦਾ ਗਠਨ ਕੇਵਲ ਮਸਲੇ ਨੂੰ ਕੁੱਝ ਸਮੇਂ ਲਈ ਲਟਕਾਉਣ ਵਾਸਤੇ ਹੈ ਤਾਂ ਕਿ ਵਿਰੋਧ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਦੀ ਅਧਿਆਪਕਾਂ ਅਤੇ ਸਕੂਲੀ ਸਿੱਖਿਆ ਪ੍ਰਤੀ ਨੀਅਤ ਬਹੁਤ ਮਾੜੀ ਹੈ ਕਿਉਂਕਿ ਮਿਸ਼ਨ ਸਤ ਪ੍ਰਤੀਸ਼ਤ ਅਤੇ ਪੜ੍ਹੋ ਪੰਜਾਬ ਪਡ਼੍ਹਾਓ ਪੰਜਾਬ ਆਦਿ ਪ੍ਰਾਜੈਕਟਾਂ ਨੂੰ ਜਾਅਲੀ ਅੰਕੜਿਆਂ ਰਾਹੀਂ ਸਫ਼ਲ ਬਣਾਕੇ ਪੰਜਾਬ ਵਾਸੀਆਂ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ।
ਫਿਜ਼ੀਕਲ ਐਜੂਕੇਸ਼ਨ ਤੇ ਸਪੋਰਟਸ ਐਸੋਸੀਏਸ਼ਨ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਕੁਮਾਰ,ਸਾਬਕਾ ਏ.ਈ.ਓ. ਗੁਰਪਰੀਤ ਸਿੰਘ ਤੇ ਅਧਿਆਪਕ ਦਲ ਦੇ ਜਗਤਾਰ ਬਾਠ ਨੇ ਮਿਡਲ ਸਕੂਲਾਂ ਵਿੱਚੋਂ 228 ਪੀ.ਟੀ.ਆਈ. ਅਧਿਆਪਕਾਂ ਨੂੰ ਜਬਰੀ ਪ੍ਰਾਇਮਰੀ ਸਕੂਲਾਂ ਵਿਚ ਸ਼ਿਫਟ ਕਰਨ ਤੇ ਸਖ਼ਤ ਵਿਰੋਧ ਜਤਾਇਆ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸੱਚਮੁੱਚ ਹੀ ਸਕੂਲਾਂ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨਾ ਚਾਹੁੰਦੀ ਹੈ ਤੇ ਉੱਚ ਪੱਧਰੀ ਖਿਡਾਰੀ ਪੈਦਾ ਕਰਨਾ ਚਾਹੁੰਦੀ ਹੈ ਤਾਂ ਪ੍ਰਾਇਮਰੀ ਸਕੂਲਾਂ ਵਿੱਚ ਪੀ.ਟੀ.ਆਈ. ਦੀ ਨਵੀਂ ਪੋਸਟ ਦਿੱਤੀ ਜਾਵੇ ਅਤੇ ਅਧਿਆਪਕਾਂ ਦੀ ਨਵੀਂ ਭਰਤੀ ਕੀਤੀ ਜਾਵੇ।
ਬੀ.ਐਡ.ਅਧਿਆਪਕ ਯੂਨੀਅਨ ਦੇ ਸੂਬਾ ਕਮੇਟੀ ਮੈੰਬਰ ਰਾਜਵੀਰ ਮਾਨ,ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਹੋਤਾ ,ਬਲਾਕ ਪ੍ਰਧਾਨ ਕੁਲਵਿੰਦਰ ਵਿਰਕ ਨੇ ਕਿਹਾ ਕਿ ਪਿਛਲੇ ਦਿਨੀਂ ਪਦ ਉੱਨਤ ਹੋਏ ਲੈਕਚਰਾਰਾਂ ਨੂੰ ਜਲਦ ਤੋਂ ਜਲਦ ਸਟੇਸ਼ਨ ਚੋਣ ਕਰਵਾ ਕੇ ਉਨ੍ਹਾਂ ਦੀਆਂ ਮਾਸਟਰ ਕੇਡਰ ਦੀਆਂ ਖਾਲੀ ਅਸਾਮੀਆਂ ਨੂੰ ਬਦਲੀਆਂ ਲਈ ਖਾਲੀ ਅਸਾਮੀਆਂ ਵਾਲੇ ਪੋਰਟਲ ਉੱਤੇ ਤੁਰੰਤ ਦਰਸਾਇਆ ਜਾਵੇ। ਇਸ ਮੌਕੇ ਸਮੁੱਚੀਆਂ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸਿੱਖਿਆ ਸਕੱਤਰ ਅਤੇ ਪੰਜਾਬ ਸਰਕਾਰ ਦੀਆਂ ਅਧਿਆਪਕ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਪੱਧਰ ਤੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ।