ਅਸ਼ੋਕ ਵਰਮਾ
ਬਠਿੰਡਾ, 2 ਮਾਰਚ 2021 - ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਵਫਦ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਵਿਚਕਾਰ ਹੋਈ ਮੀਟਿੰਗ ਦੌਰਾਨ ਮੰਤਰੀ ਵੱਲੋਂ ਹਾਮੀ ਭਰਨ ਦੇ ਬਾਵਜੂਦ ਯੂਨੀਅਨ ਨੇ 4 ਮਾਰਚ ਦਾ ਵਿਧਾਨ ਸਭਾ ਵੱਲ ਮਾਰਚ ਮੁਲਤਵੀ ਕਰ ਦਿੱਤਾ ਹੈ ਪਰ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨਾਲ ਕੀਤੇ ਵਾਅਦਿਆਂ ਨੂੰ ਤੋੜ ਨਾਂ ਚੜ੍ਹਾਇਆ ਤਾਂ ਉਹ ਮੁੜ ਸੰਘਰਸ਼ ਦੇ ਰਾਹ ਪੈਣਗੀਆਂ। ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਮੰਤਰੀ ਨੇ ਵਾਰਅਦਾ ਕੀਤਾ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਅ ਜਾਇਜ ਮੰਗਾਂ ਦਾ ਨਿਪਟਾਰਾ ਜਲਦੀ ਕੀਤਾ ਜਾਵੇਗਾ ।
ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀਆਂ ਮੁੱਖ ਮੰਗਾਂ ਸਨ ਕਿ ਵਰਕਰਾਂ ਤੇ ਹੈਲਪਰਾਂ ਦੇ ਕੱਟੇ ਹੋਏ ਪੈਸੇ ਤੁਰੰਤ ਰਲੀਜ ਕੀਤੇ ਜਾਣ , ਮਾਣਭੱਤੇ ਵਿੱਚ ਵਾਧਾ ਕਰਨਾ , ਐਨ ਜੀ ਓ ਅਧੀਨ ਚੱਲ ਰਹੇ ਬਲਾਕਾਂ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਵਰਦੀਆਂ ਦੇ ਪੈਸੇ ਦੇਣੇ , ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਦਿੱਤਾ ਤੇ ਇਹਨਾਂ ਨੂੰ ਵਾਪਸ ਵਿਭਾਗ ਅਧੀਨ ਲਿਆਂਦਾ ਜਾਵੇ । ਪ੍ਰੀ ਨਰਸਰੀ ਦੇ ਬੱਚਿਆਂ ਨੂੰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ । ਕਰੈੱਚ ਵਰਕਰਾਂ ਦੀਆਂ ਰੁਕੀਆਂ ਪਈਆਂ ਤਨਖਾਹਾਂ ਦਿੱਤੀਆਂ ਜਾਣ ਤੇ ਉਨ੍ਹਾਂ ਨੂੰ ਵੀ ਵਿਭਾਗ ਅਧੀਨ ਲਿਆਂਦਾ ਜਾਵੇ । ਖਾਲੀ ਪਈਆਂ ਅਸਾਮੀਆਂ ਤੇ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਕੀਤੀ ਜਾਵੇ । ਉਹਨਾਂ ਦੱਸਿਆ ਕਿ ਮੰਤਰੀ ਨੇ ਕਿਹਾ ਕਿ ਬੱਜਟ ਸੈਸ਼ਨ ਦੌਰਾਨ ਮਾਣਭੱਤੇ ਵਿਚ ਵਾਧਾ ਕਰ ਦਿੱਤਾ ਜਾਵੇਗਾ ।
ਉਨ੍ਹਾਂ ਦੱਸਿਆ ਕਿ ਮੰਤਰੀ ਅਨੁਸਾਰ ਪ੍ਰੀ ਨਰਸਰੀ ਦੇ ਬੱਚੇ ਵਾਪਸ ਲੈਣ ਦੀ ਵਿਭਾਗ ਕਾਰਵਾਈ ਕਰ ਰਿਹਾ ਹੈ। ਐਨ ਜੀ ਓ ਅਧੀਨ ਚੱਲ ਰਹੇ ਬਲਾਕਾਂ ਨੂੰ ਵਾਪਸ ਵਿਭਾਗ ਵਿੱਚ ਲਿਆਉਣ ਲਈ ਪ੍ਰਕਿਰਿਆ ਚੱਲ ਰਹੀ ਹੈ । ਕਰੈੱਚ ਵਰਕਰਾਂ ਦੀਆਂ ਤਨਖਾਹਾਂ ਜਲਦੀ ਦੇਣ ਬਾਰੇ ਉਪਰਾਲਾ ਕੀਤਾ ਜਾ ਰਿਹਾ ਹੈ। ਵਰਕਰਾਂ ਤੇ ਹੈਲਪਰਾਂ ਦੀ ਭਰਤੀ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ । ਸੂਬਾ ਪ੍ਰਧਾਨ ਹਰਗੋਬਿੰਦ ਕੌਰ ਇਸ ਮੌਕੇ ਕਿਹਾ ਕਿ ਯੂਨੀਅਨ ਵੱਲੋਂ 4 ਮਾਰਚ ਨੂੰ ਚੰਡੀਗੜ੍ਹ ਵਿਖੇ ਜੋ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ , ਉਸ ਨੂੰ ਇਕ ਵਾਰ ਬੱਜਟ ਸੈਸ਼ਨ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਜੇਕਰ ਯੂਨੀਅਨ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਧਰਨਾ ਫਿਰ ਰੱਖਿਆ ਜਾਵੇਗਾ । ਮੀਟਿੰਗ ਦੌਰਾਨ ਅਧਿਕਾਰੀਆਂ ਤੋਂ ਇਲਾਵਾ ਯੂਨੀਅਨ ਦੀ ਸੂਬਾ ਦਫਤਰ ਸਕੱਤਰ ਛਿੰਦਰ ਪਾਲ ਕੌਰ ਥਾਂਦੇਵਾਲਾ ਮੌਜੂਦ ਸਨ।