ਬੀਡੀਪੀਓ ਬੋਲੇ..ਸਰਕਾਰੀ ਤੌਰ ’ਤੇ ਇਹ ਕਮਰੇ ’ਤੇ ਅਧਿਕਾਰਕ ਹੱਕ ਸਿਰਫ ਚੇਅਰਪਰਸਨ ਦਾ ਹੀ ਹੈ
ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਮਾਮਲੇ ਦੀ ਜਾਣਕਾਰੀ
ਚੇਅਰਪਰਸਨ ਦਾ ਬੇਟਾ ਬੋਲਿਆ ਹੋ ਗਈ ਸੀ ਚਾਬੀ ਗੁੰਮ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 3 ਮਾਰਚ 2021-ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ ਦੀ ਚੇਅਰਪਰਸਨ ਜਸਵਿੰਦਰ ਕੌਰ ਦੇ ਪੁੱਤਰ ਅਬਲੂ ਸਿੰਘ ਵੱਲੋਂ ਚੇਅਰਪਰਸਨ ਦੇ ਕਮਰੇ ਵਾਲੇ ਦਰਵਾਜੇ ਦਾ ਜਿੰਦਰਾ ਤੋੜਦਿਆਂ ਦੀ ਸੀਸੀਟੀਵੀ ਫੁਟੇਜ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ ’ਚ ਜਿਥੇ ਚੇਅਰਪਰਸਨ ਦਾ ਪੁੱਤਰ ਅਬਲੂ ਸਿੰਘ ਪਹਿਲਾਂ ਇਹ ਕਹਿੰਦੇ ਰਹੇ ਕਿ ਅਜਿਹਾ ਕੁੱਝ ਨਹੀਂ ਹੋਇਆ, ਪਰ ਜਦ ਉਨਾਂ ਨੂੰ ਸ਼ੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਬਾਰੇ ਦੱਸਿਆ ਗਿਆ ਤਾਂ ਉਨਾਂ ਕਿਹਾ ਕਿ ਉਨਾਂ ਦੀ ਮਾਤਾ ਚੇਅਰਪਰਸਨ ਹਨ ਅਤੇ ਕਮਰੇ ਨੂੰ ਲੱਗੇ ਤਾਲੇ ਦੀ ਚਾਬੀ ਗੁੰਮ ਹੋ ਜਾਣ ਕਾਰਨ ਉਨਾਂ ਤਾਲਾ ਤੋੜਿਆ ਹੈ। ਜਦ ਇਸ ਮਾਮਲੇ ਵਿਚ ਬੀਡੀਪੀਓ ਕੁਸਮ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਉਹ ਦਫਤਰ ਵਿਚ ਨਹੀਂ ਸਨ, ਜਦੋਂ ਇਹ ਘਟਨਾ ਹੋਈ, ਇਸ ਸਬੰਧੀ ਉਨਾਂ ਨੂੰ ਸਟਾਫ ਨੇ ਦੱਸਿਆ। ਬੀਡੀਪੀਓ ਅਨੁਸਾਰ ਸਰਕਾਰੀ ਤੌਰ ’ਤੇ ਇਹ ਚੇਅਰਪਰਸਨ ਦਾ ਕਮਰਾ ਹੈ ਅਤੇ ਸਟਾਫ ਤੋਂ ਪਤਾ ਲੱਗਿਆ ਕਿ ਚੇਅਰਪਰਸਨ ਦਾ ਬੇਟਾ ਉੱਥੇ ਆ ਕੇ ਬੈਠ ਜਾਂਦਾ ਸੀ, ਕਮਰੇ ਨੂੰ ਤਾਲਾ ਲਾਇਆ ਗਿਆ ਸੀ ਅਤੇ ਉਹ ਸਿਰਫ ਚੇਅਰਪਰਸਨ ਖੋਲ੍ਹ ਸਕਦੇ ਸਨ, ਪਰ ਅੱਜ ਉਨਾਂ ਦੇ ਬੇਟੇ ਨੇ ਆ ਕੇ ਤਾਲਾ ਤੋੜਿਆ ਹੈ। ਉਨਾਂ ਦੱਸਿਆ ਕਿ ਮਾਮਲੇ ਸਬੰਧੀ ਉਨਾਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜਾਣੂੰ ਕਰਵਾ ਦਿੱਤਾ ਹੈ। ਜਦ ਮਾਮਲੇ ਸਬੰਧੀ ਏਡੀਸੀ ਗੁਰਬਿੰਦਰ ਸਿੰਘ ਸਰਾਓ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਦੋਵਾਂ ਧਿਰਾਂ ਵਿਚ ਗਲਤਫਹਿਮੀ ਸੀ, ਜੋ ਕਿ ਦੂਰ ਕਰਵਾ ਦਿੱਤੀ ਗਈ ਹੈ। ਸਰਕਾਰੀ ਦਫਤਰ ਦੀਆਂ ਸੀਸੀਟੀਵੀ ਫੁਟੇਜ ਵਾਇਰਲ ਹੋਣ ਦੇ ਮਾਮਲੇ ’ਚ ਉਨਾਂ ਕਿਹਾ ਕਿ ਇਹ ਬਹੁਤ ਮਾੜਾ ਹੈ। ਉਧਰ ਸੂਤਰਾਂ ਦੀ ਮੰਨੀਏ ਤਾਂ ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ ਦੀ ਚੇਅਰਪਰਸਨ ਜਸਵਿੰਦਰ ਕੌਰ ਹੈ, ਪਰ ਬੀਤੇ ਸਮੇਂ ਤੋਂ ਉਸਦਾ ਬੇਟਾ ਅਬਲੂ ਸਿੰਘ ਹੀ ਉਸਦੇ ਦਫਤਰ ਵਿਚ ਬੈਠ ਰਿਹਾ ਸੀ, ਜਿਸ ਕਾਰਨ ਬੀਤੇ ਕੁਝ ਦਿਨ ਤੋਂ ਦਫਤਰ ਵਿਚ ਮਾਹੌਲ ਬਹੁਤਾ ਸੁਖਾਵਾਂ ਨਹੀਂ ਸੀ ਅਤੇ ਚੇਅਰਪਰਸਨ ਦੇ ਕਮਰੇ ਨੂੰ ਤਾਲਾ ਲਾਇਆ ਗਿਆ ਸੀ ਕਿ ਇਹ ਸਿਰਫ ਚੇਅਰਪਰਸਨ ਹੀ ਖੋਲ੍ਹ ਸਕਦੇ ਹਨ। ਇਸ ਦਰਮਿਆਨ ਹੀ ਅੱਜ ਇਹ ਘਟਨਾ ਵਾਪਰੀ।