ਹਰੀਸ਼ ਕਾਲੜਾ
ਰੂਪਨਗਰ 03 ਮਾਰਚ 2021:ਡਾ. ਦਵਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਰੂਪਨਗਰ ਵਿਖੇ ਕੌਮੀ ਬੋਲਾਪਨ ਬਚਾਅ ਅਤੇ ਰੋਕਥਾਮ ਕਾਰਿਆਕਰਮ ਅਧੀਨ ਅਤੇ ਬਾਲਾਜੀ ਹੀਅਰਿੰਗ ਸੇਲੂਏਸ਼ਨ ਚੰਡੀਗੜ੍ਹ ਦੇ ਸਹਿਯੋਗ ਨਾਲ ਵਿਸ਼ਵ ਸੁਣਨ ਸ਼ਕਤੀ ਦਿਵਸ ਮੌਕੇ ਕੰਨਾਂ ਦੀ ਜਾਂਚ ਲਈ ਮੁਫਤ ਆਡੀਓਮੀਟਰੀ ਕੈਂਪ ਡੀ.ਈ.ਆਈ.ਸੀ. ਸੈਂਟਰ ਵਿਖੇ ਲਗਾਇਆ ਗਿਆ, ਜਿੱਥੇ ਬੱਚਿਆਂ, ਨੌਜਵਾਨਾਂ, ਗਰਭਵਤੀ ਅੋਰਤਾਂ ਅਤੇ ਬਜੁਰਗਾਂ ਦੀ ਮੁਫਤ ਆਡੀਓਮੀਟਰੀ ਕੀਤੀ ਗਈ ।
ਇਸ ਮੌਕੇ ਕੈਂਪ ਦਾ ਉਦਘਾਟਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਕੰਨ ਸਾਡੇ ਸਰੀਰ ਦਾ ਇੱਕ ਅਹਿਮ ਅੰਗ ਹਨ ਜਿਨ੍ਹਾਂ ਦੀ ਦੇਖ-ਭਾਲ ਕਰਨਾ ਬਹੁਤ ਜ਼ਰੂਰੀ ਹੈ। ਬੋਲੇਪਨ ਤੋਂ ਬਚਾਅ ਲਈ ਕੰਨਾਂ ਵਿੱਚ ਕਦੇ ਵੀ ਨੁਕੀਲੀਆਂ ਚੀਜ਼ਾਂ ਨਹੀਂ ਮਾਰਨੀਆਂ ਚਾਹੀਦੀਆਂ। ਬੱਚੇ ਜਾਂ ਹੋਰ ਕਿਸੇ ਨੂੰ ਵੀ ਕੰਨ ਤੇ ਨਾ ਮਾਰੋ। ਕੰਨਾਂ ਨੂੰ ਹਮੇਸ਼ਾਂ ਤੇਜ਼ ਅਵਾਜ ਤੋਂ ਬਚਾਉਣਾ ਚਾਹੀਦਾ ਹੈ ਅਤੇ ਕੰਨਾਂ ਵਿੱਚ ਗੰਦਾ ਪਾਣੀ ਨਹੀਂ ਪੈਣ ਦੇਣਾ ਚਾਹੀਦਾ ਹੈ। ਕੰਨਾਂ ਦੀ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਨਾਂ ਵਿੱਚੋਂ ਮੁੱਖ ਰੂਪ ਵਿੱਚ ਕੰਨਾਂ ਵਿੱਚੋਂ ਪੀਕ ਆਉਣਾ, ਕੰਨਾਂ ਦਾ ਦਰਦ, ਸਿਰ ਜਾਂ ਕੰਨ ਵਿੱਚ ਸੱਟ, ਬਚਪਨ ਦੇ ਰੋਗ ਜਿਵੇਂ ਕਿ ਖਸਰਾ, ਕੰਨਫੋੜ ਅਤੇ ਦਿਮਾਗੀ ਬੁਖਾਰ, ਗਰਭ ਅਵਸਥਾ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਕਿ ਰੁਬੇਲਾ, ਪੀੜਾਦਾਇਕ ਜਨਮ ਅਤੇ ਸਮੇਂ ਤੋਂ ਪਹਿਲਾਂ ਨਵ-ਜੰਮੇ ਬੱਚੇ ਦਾ ਪੈਦਾ ਹੋਣਾ ਆਦਿ ਹਨ।
ਉਹਨਾਂ ਕਿਹਾ ਕਿ ਬੱਚਿਆਂ ਦੀਆਂ ਬੀਮਾਰੀਆਂ ਪ੍ਰਤੀ ਸਾਨੂੰ ਖਾਸ ਤੌਰ ਤੇ ਸੁਚੇਤ ਰਹਿਦਾ ਚਾਹੀਦਾ ਹੈ ਅਤੇ ਜੇਕਰ ਬੱਚੇ ਦਾ ਕਲਾਸ ਵਿੱਚ ਮਨ ਨਾ ਲੱਗਦਾ ਹੋਵੇ ਤਾਂ ਹੋ ਸਕਦਾ ਹੈ ਕਿ ਉਸ ਨੂੰ ਘੱਟ ਸੁਣਦਾ ਹੋਵੇ। ਇਸ ਤੋਂ ਇਲਾਵਾ ਜੇਕਰ ਬੱਚੇ ਦਾ ਕੰਨ ਵਹਿੰਦਾ ਹੋਵੇ ਤਾਂ ਪੀਕ ਨੂੰ ਸਾਫ ਅਤੇ ਨਰਮ ਕੱਪੜੇ ਨਾਲ ਸਾਫ ਕਰਨਾ ਚਾਹੀਦਾ ਹੈ ਅਤੇ ਪੀਕ ਵਿੱਚੋਂ ਜੇਕਰ ਬਦਬੂ ਜਾਂ ਖੂਨ ਆਉਂਦਾ ਹੈ ਤਾਂ ਇਸ ਨਾਲ ਬੋਲਾਪਨ ਵੀ ਹੋ ਸਕਦਾ ਹੈ। ਇਸ ਦੀ ਜਾਂਚ ਸਰਕਾਰੀ ਸਿਹਤ ਕੇਂਦਰ ਵਿਖੇ ਕਰਵਾਉਣੀ ਚਾਹੀਦੀ ਹੈ। ਉੱਚੀ ਹੌਰਨ, ਲਾਊਡ ਸਪੀਕਰ, ਤੇਜ਼ ਅਵਾਜ ਵਿੱਚ ਗਾਣੇ, ਪਟਾਕਿਆਂ ਦੀ ਊਚੀ ਅਵਾਜ ਅਤੇ ਕੰਨਾਂ ਵਿੱਚ ਬਹੁਤ ਤੇਜ਼ ਆਵਾਜ ਨਹੀਂ ਪੈਣੀ ਚਾਹੀਦੀ।
ਜੇਕਰ ਕੰਨ ਵਿੱਚ ਕੋਈ ਚੀਜ ਪੈ ਗਈ ਹੈ ਤਾਂ ਕੰਨ ਵਿੱਚ ਕੋਈ ਤਿੱਖੀ ਚੀਜ ਨਾ ਮਾਰੋ ਸਗੋਂ ਡਾਕਟਰ ਕੋਲ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਰ.ਬੀ.ਐਸ.ਕੇ. ਪ੍ਰੋਗਰਾਮ ਤਹਿਤ ਬੱਚਿਆਂ ਦੀਆਂ ਕੰਨਾਂ ਨਾਲ ਸਬੰਧਤ ਵੱਖ-ਵੱਖ ਬਿਮਾਰੀਆਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ।ਇਸ ਮੋਕੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਦੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸਿਵਲ ਸਰਜਨ ਵੱਲੌਂ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਇੰ; ਸਿਵਲ ਹਸਪਤਾਲ ਰੂਪਨਗਰ ਡਾ. ਪਵਨ ਕੁਮਾਰ, ਡਾ. ਜਤਿੰਦਰ ਕੋਰ ਸਕੂਲ ਹੈਲਥ ਮੈਡੀਕਲ ਅਫਸਰ, ਪੁਸ਼ਪਿੰਦਰ ਕੋਰ ਆਡੀਓਲੋਜਿਸਟ, ਸਚਿਨ ਗਰੋਵਰ ਹੀਅਰਿੰਗ ਕੰਸਲਟੈਂਟ ਬਾਲਾਜੀ ਹੀਅਰਿੰਗ ਸੈਲਿਉਸ਼ਨਜઠ, ਹਰਲੀਨ ਕੋਰ ਆਡੀਓਲੋਜਿਸਟ, ਕਿਰਨਦੀਪ ਕੋਰ ਸਕੂਲ ਹੈਲਥ ਕੋਆਰਡੀਨੇਟਰ, ਸੁਖਜੀਤ ਕੰਬੋਜ਼ ਬੀ.ਸੀ.ਸੀ. ਕੋਆਰਡੀਨੇਟਰ, ਰਮਨਦੀਪ ਸਿੰਘ ਪੀ.ਐਨ.ਡੀ.ਟੀ. ਕੋਆਰਡੀਨੇਟਰ,ਅਤੇ ਹਸਪਤਾਲ ਵਿਖੇ ਆਏ ਮਰੀਜ ਮੋਜੂਦ ਸਨ।