ਰਿਪੋਰਟ - ਯਾਦਵਿੰਦਰ ਸਿੰਘ ਤੂਰ , ਵੀਡੀੳ ਅਰੇਂਜਮੈਂਟ - ਕੁਲਵਿੰਦਰ ਸਿੰਘ
ਚੰਡੀਗੜ੍ਹ, 4 ਮਾਰਚ 2021 - ਨਾਭਾ ਸਕਿਉਰਿਟੀ ਜੇਲ੍ਹ ਅੰਦਰੋਂ ਇੱਕ ਕੈਦੀ ਦੀ ਵੀਡੀੳ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਰੋ ਕੇ ਖੁਦ ਨਾਲ ਜੇਲ੍ਹ ਡਿਪਟੀ ਸੁਪਰਡੰਟ ਵੱਲੋਂ ਅਣਮਨੁੱਖੀ ਤਸ਼ੱਦਦ ਕੀਤੇ ਜਾਣ ਦਾ ਦਾਅਵਾ ਕਰ ਰਿਹਾ ਹੈ। ਇਸਦੇ ਨਾਲ ਹੀ "ਏ.ਐੱਸ ਕ੍ਰਾਂਤੀ" ਨਾਂਅ ਦੀ ਐਨ.ਜੀ.ਓ ਚਲਾਉਂਦੀ ਸਮਾਜਸੇਵੀ ਅਮਨਦੀਪ ਕੌਰ ਨੇ ਵੀ ਇੱਕ ਵੀਡੀੳ ਬਣਾ ਕੇ ਪਾਈ ਜਿਸ 'ਚ ਉਹ ਪੀੜਤ ਕੈਦੀ ਲਈ ਮਦਦ ਦੀ ਕੈਪਟਨ ਸਰਕਾਰ ਤੇ ਮੰਤਰੀਆਂ ਕੋਲ ਗੁਹਾਰ ਲਾ ਰਹੀ ਹੈ।
ਵੀਡੀੳ 'ਚ ਬਲਵਿੰਦਰ ਨਾਮੀ ਨੌਜਵਾਨ ਰੋ-ਰੋ ਕੇ ਜੇਲ੍ਹ ਦੇ ਡਿਪਟੀ ਸੁਪਰਡੰਟ ਗੁਰਪ੍ਰੀਤ ਸਿੰਘ, ਸੂਰਜ ਮੱਲ, ਗੰਨਮੈਨ ਧਰਮਿੰਦਰ, ਬਰਕਤ ਅਲੀ, ਕਰਨੈਲ ਹੌਲਦਾਰ ਤੇ ਕੁਝ ਹੋਰ ਮੁਲਾਜ਼ਮਾਂ ਦੇ ਨਾਂਅ ਲੈ ਕੇ ਉਨ੍ਹਾਂ 'ਤੇ ਤਸ਼ੱਦਦ ਢਾਹੁਣ ਦੇ ਇਲਜ਼ਾਮ ਲਾ ਰਿਹਾ ਹੈ। ਉਸਨੇ ਕਿਹਾ ਕਿ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਜਾ ਰਹੀਆਂ ਨੇ। ਜਿਸਤੋਂ ਅੱਕ ਕੇ ਉਹ ਹੁਣ ਸੁਸਾਈਡ ਕਰਨ ਦੀ ਸੋਚ ਰਿਹਾ ਹੈ। ਉਸਨੇ ਕਿਹਾ ਕਿ ਜੇਲ੍ਹ ਅੰਦਰ ਉਸਦੇ ਗੁਪਤ ਅੰਗ 'ਚ ਡੰਡੇ ਤੱਕ ਦਿੱਤੇ ਗਏ। ਬਲਵਿੰਦਰ ਕਹਿ ਰਿਹਾ ਕਿ ਉਸਨੇ ਹਾਈਕੋਰਟ 'ਚ ਰਿਟ ਪਾਈ ਸੀ ਤੇ ਜਿਸਤੋਂ ਬਾਅਦ ਉਸਨੂੰ ਪੁਲਿਸ ਮੁਲਾਜ਼ਮ ਧਮਕੀਆਂ ਦਿੰਦੇ ਨੇ। ਉਸਨੇ ਕਿਹਾ ਕਿ 'ਹਾਈ ਕੋਰਟ ਨੇ ਕਿਹਾ ਕਿ ਉਸਦਾ ਮੈਡੀਕਲ ਰਜਿੰਦਰਾ ਹਸਪਤਾਲ 'ਚੋਂ ਕਰਾਇਆ ਜਾਏ ਪਰ ਉਸਨੂੰ ਕਿਉਂ ਨੀ ਉਥੇ ਲਿਜਾਇਆ ਜਾ ਰਿਹਾ।'
ਮਾਮਲੇ ਦੀ ਤਹਿ ਤੱਕ ਜਾਣ ਲਈ ਬਾਬੂਸ਼ਾਹੀ ਨੇ ਸਮਾਜਸੇਵੀ ਅਮਨਦੀਪ ਸਹੋਤਾ ਨਾਲ ਫੋਨ 'ਤੇ ਗੱਲ ਕੀਤੀ, ਜੋ ਇਸ ਮਾਮਲੇ 'ਚ ਅੱਗੇ ਹੋ ਕੇ ਬਲਵਿੰਦਰ ਨੂੰ ਇਨਸਾਫ ਦੁਆਉਣਾ ਚਾਹੁੰਦੀ ਹੈ। ਤਾਂ ਪਤਾ ਲੱਗਾ ਕਿ ਜੇਲ੍ਹ 'ਚੋਂ ਜਿਸ ਕੈਦੀ ਨੇ ਵੀਡੀੳ ਪਾਈ ਸੀ, ਉਸਦਾ ਨਾਂਅ ਬਲਵਿੰਦਰ ਸਿੰਘ ਹੈ ਤੇ ਉਹ ਜਗਰਾਉਂ ਦਾ ਰਹਿਣ ਵਾਲਾ ਹੈ। ਉਸ 'ਤੇ 307 ਦਾ ਕੇਸ ਪਾਇਆ ਗਿਆ ਹੈ ਤੇ ਉਹ ਕਰੀਬ 10 ਸਾਲ ਤੋਂ ਜੇਲ੍ਹ ਅੰਦਰ ਬੰਦ ਹੈ। ਉਸਦਾ ਇਕ ਭਰਾ ਹੈ ਜਿਸਨੂੰ ਵੀ ਪੁਲਿਸ ਨੇ ਲੁਧਿਆਣਾ ਜੇਲ੍ਹ 'ਚ ਡੱਕਿਆ ਹੈ।
ਅਮਨਦੀਪ ਨੇ ਕਿਹਾ ਕਿ ਕੈਦੀ ਜਿਹੋ ਜਿਹਾ ਮਰਜ਼ੀ ਹੋਵੇ, ਪਰ ਉਸ ਨਾਲ ਜੇਲ੍ਹ ਅੰਦਰ ਅਣਮਨੁੱਖੀ ਵਤੀਰਾ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅੱਗੇ ਦੱਸਿਆ ਕਿ ਬਲਵਿੰਦਰ ਨਾਲ ਜੇਲ੍ਹ ਅੰਦਰ ਨਿਰਾ ਧੱਕਾ ਕੀਤਾ ਜਾ ਰਿਹਾ ਹੈ। ਉਸ ਤੋਂ ਜ਼ਬਰੀ ਨਸ਼ੇ ਦੀ ਸਪਲਾਈ ਕਰਾਉਣ ਅਤੇ ਸਪੈਸ਼ਲ਼ ਰੂਮ, ਮੋਬਾਈਲ ਫੋਨ ਵੇਚਣ ਤੇ ਹੋਰ ਗੈਰਕਾਨੂੰਨੀ ਕੰਮ ਕਰਾਉਣ 'ਚ ਅਹਿਮ ਭੂਮਿਕਾ ਨਿਭਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ ਤੇ ਜਿਸ ਤੋਂ ਬਲਵਿੰਦਰ ਦੁਆਰਾ ਮਨ੍ਹਾਂ ਕੀਤੇ ਜਾਣ ਤੋਂ ਬਾਅਦ ਬੀਤੀ 23 ਤਰੀਕ ਨੂੰ ਉਸਦੇ ਗੁਪਤ ਅੰਗ 'ਚ ਡੰਡੇ ਪਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ। ਇਹ ਵਾਕਿਆ ਜੇਲ੍ਹ ਅੰਦਰੋਂ ਵਾਇਰਲ ਹੋਈ ਵੀਡੀੳ 'ਚ ਬਲਵਿੰਦਰ ਵੀ ਦੱਸਦਾ ਸੁਣਿਆ ਜਾ ਸਕਦਾ ਹੈ। ਅਮਨਦੀਪ ਨੇ ਕਿਹਾ ਕਿ ਚਾਹੇ ਜੋ ਮਰਜ਼ੀ ਹੋ ਜਾਏ, ਉਹ ਬਲਵਿੰਦਰ ਨੂੰ ਇਨਸਾਫ ਦੁਆ ਕੇ ਰਹੇਗੀ ਕਿਉਂਕਿ ਬਲਵਿੰਦਰ ਮਗਰ ਆਉਣ ਵਾਲਾ ਉਸਦਾ ਕੋਈ ਵੀ ਨਹੀਂ ਹੈ। ਸਿਵਾਏ ਉਸਦੀ ਘਰਵਾਲੀ, ਉਸਦਾ ਬੇਸਹਾਰਾ ਤੇ ਬੁੱਢਾ ਪਿਉ। ਅਮਨਦੀਪ ਨੇ ਕੈਪਟਨ ਅਮਰਿੰਦਰ ਤੇ ਜੇਲ੍ਹ ਮੰਤਰੀ ਨੂੰ ਗੁਹਾਰ ਲਾਈ ਹੈ ਕਿ ਉਹ ਖੁਦ ਇਸ ਮਾਮਲੇ 'ਚ ਦਖਲ ਦੇਣ ਤੇ ਬਲਵਿੰਦਰ ਨੂੰ ਇਨਸਾਫ ਦੁਆਉਣ। ਅਮਨਦੀਪ ਨੇ ਕਿਹਾ ਕਿ ਉਸ ਵੱਲੋਂ ਹਾਈ ਕੋਰਟ 'ਚ ਪਟੀਸ਼ਨ ਪਾਈ ਗਈ ਹੈ ਤੇ ਜਿਸਦੀ ਅੱਜ ਵੀਰਵਾਰ ਨੂੰ ਸੁਣਵਾਈ ਸੀ।
ਏ. ਡੀ. ਜੀ.ਪੀ ਜੇਲ੍ਹਾਂ ਪ੍ਰਵੀਨ ਕੁਮਾਰ ਸਿਨਹਾ ਨੇ ਕਿਹਾ ਕਿ ਹਾਈ ਕੋਰਟ ਵਿੱਚ ਲੱਗਿਆ ਕੇਸ ਖਾਰਜ ਹੋਗਿਆ ਹੈ। ਉਨ੍ਹਾਂ ਵਲੋਂ ਏਸ ਬਾਬਤ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾਏਗੀ।
ਹੇਠ ਦੇਖੋ ਵੀਡੀੳ