ਅਸ਼ੋਕ ਵਰਮਾ
ਬਠਿੰਡਾ,4 ਮਾਰਚ2021:ਭਾਵੇਂ ਮੰਗੂ ਸਿੰਘ ਭਗਤਾ ਇਸ ਫਾਨੀ ਜਹਾਨ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ ਹੈ ਪਰ ਬਹੁਜਨ ਸਮਾਜ ਪਾਰਟੀ ’ਚ ਉਸ ਨੂੰ ਹਮੇਸ਼ਾ ਨਿਧੜਕ ਜਰਨੈਲ ਵਜੋਂ ਚੇਤੇ ਕੀਤੇ ਜਾਂਦਾ ਰਹੇਗਾ। ਮਹੱਤਵਪੂਰਨ ਤੱਥ ਹੈ ਕਿ ਬਸਪਾ ਦੇ ਮੈਂਬਰ ਵਜੋਂ ਆਖਰੀ ਸਾਹ ਲੈਣ ਵਾਲੇ ਮੰਗੂ ਸਿੰਘ ਨੇ ਬਿਨਾਂ ਮਤਲਬ ਕਿਸੇ ਦੀ ਈਨ ਨਹੀਂ ਮੰਨੀ ਤੇ ਨਾਂ ਹੀ ਉਹ ਝਿਪਿਆ। ਪੰਜਾਬ ਦੇ ਕਾਲੇ ਦਿਨਾਂ ਦੌਰਾਨ ਜਦੋਂ ਅੱਤਵਾਦ ਦੀ ਕਾਲੀ ਹਨੇਰੀ ਵਗੀ ਹੋਈ ਸੀ ਤਾਂ ਵੀ ਉਸਨੇ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਅਤੇ ਵਰ੍ਹਦੀਆਂ ਗੋਲੀਆਂ ਦੀਆਂ ਖਬਰਾਂ ਦੌਰਾਨ ਲੋਕਤੰਤਰੀ ਕਦਰਾਂ ਕੀਮਤਾਂ ਤੇ ਪਹਿਰਾ ਦਿੰਦਿਆਂ ਵਿਧਾਨ ਸਭਾ ਦੀ ਚੋਣ ਲੜੀ। ਮੰਗੂ ਸਿੰਘ ਨੂੰ ਮੁਲਕ ਅੰਦਰ ਡੀ ਐਸ ਫੋਰ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਹੋਂਦ ਆਉਣ ਉਪਰੰਤ ਜਿਲ੍ਹਾ ਬਠਿੰਡਾ ਦੇ ਪਹਿਲੇ ਪ੍ਰਧਾਨ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ।
ਮੰਗੂ ਸਿੰਘ ਭਗਤਾ ਦਾ ਜਨਮ ਕਰੀਬ 1929 ਵਿਚ ਇਤਿਹਾਸਿਕ ਨਗਰ ਸਮਾਧ ਭਾਈ (ਮੋਗਾ) ਵਿਖੇ ਪਿਤਾ ਭਾਗ ਸਿੰਘ ਅਤੇ ਮਾਤਾ ਕੌੜੀ ਕੌਰ ਦੇ ਘਰ ਹੋਇਆ। ਸਿੱਖਿਆ ਦੇ ਪੱਖ ਤੋਂ ਬਿਲਕੁਲ ਵਾਂਝੇ ਹੋਣ ਦੇ ਬਾਵਜੂਦ ਵੀ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਉਚਾ ਚੁੱਕਣ ਲਈ ਹਮੇਸਾ ਯਤਨਸ਼ੀਲ ਰਹਿੰਦੇ ਸਨ। ਉਨ੍ਹਾਂ ਆਪਣਾ ਵਿਆਹੁਤਾ ਸਫਰ ਗੁਰਦੇਵ ਕੌਰ ਵਾਸੀ ਬੁਰਜ ਹਰੀਕੇ ਨਾਲ ਆਰੰਭ ਕੀਤਾ। ਉਨ੍ਹਾਂ ਦੇ ਘਰ ਦੋ ਧੀਆਂ ਅਤੇ ਇੱਕ ਪੁੱਤਰ ਦੀ ਬਖਸ਼ਿਸ਼ ਹੋਈ। ਉਨ੍ਹਾਂ ਸ਼ੁਰੂਆਤ ’ਚ ਕਾਰੋਬਾਰ ਦੌਰਾਨ ਪਸ਼ੂਆਂ ਦੇ ਵਪਾਰ ਵਿੱਚ ਵੀ ਆਪਣਾ ਅਹਿਮ ਸਥਾਨ ਬਣਾਇਆ। ਉਹ ਹਮੇਸ਼ਾ ਹੀ ਗਰੀਬਾਂ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਤਤਪਰ ਰਹਿੰਦੇ ਸਨ। ਉਹ ਕਰੀਬ 1966 ਦੌਰਾਨ ਆਪਣੇ ਪਿੰਡ ਤੋਂ ਆ ਕੇ ਭਗਤਾ ਭਾਈ (ਬਠਿੰਡਾ) ਵਿਖੇ ਰਹਿਣ ਲੱਗ ਪਏ ਜਿੱਥੇ ਹੀ ਉਨ੍ਹਾਂ ਆਪਣੇ ਕਾਰੋਬਾਰ ਦੇ ਨਾਲ ਨਾਲ ਸਿਆਸੀ ਜੀਵਨ ਸ਼ੁਰੂ ਕੀਤਾ।
ਬਸਪਾ ਸੁਪਰੀਪੋ ਸਾਹਿਬ ਸ੍ਰੀ ਕਾਂਸ਼ੀ ਰਾਮ ਦੀ ਸਮਾਜ ਪ੍ਰਤੀ ਸੋਚ ਤੋਂ ਪ੍ਰਭਾਵਿਤ ਹੋ ਕੇ ਉਹ ਉਨ੍ਹਾਂ ਵਲੋਂ ਚਲਾਈ ਲਹਿਰ ਵਿਚ ਸ਼ਾਮਿਲ ਹੋ ਗਏ ਅਤੇ ਡੀ ਐਸ ਫੋਰ ਦੀ ਮੈਂਬਰਸ਼ਿੱਪ ਹਾਸਲ ਕਰ ਲਈ । ਉਨ੍ਹਾਂ ਜਿਲ੍ਹਾ ਬਠਿੰਡਾ ਲਈ ਬਸਪਾ ਦੇ ਪਹਿਲੇ ਪ੍ਰਧਾਨ ਬਣਾਇਆ ਗਿਆ ਜੋ ਉਨ੍ਹਾਂ ਲਈ ਮਾਣ ਵਾਲੀ ਗੱਲ ਰਹੀ ਹੈ। ਸਾਲ 1983 ਦੌਰਾਨ ਉਹ ਭਗਤਾ ਭਾਈ ਦੀ ਪੰਚਾਇਤ ਲਈ ਪੰਚ ਚੁਣੇ ਗਏ। ਉਨ੍ਹਾਂ ਜਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਬਹੁਜਨ ਸਮਾਜ ਪਾਰਟੀ ਵਲੋਂ ਸਾਲ 1985, 1991 ਦੀ ਰੱਦ ਹੋਈ ਚੋਣ, 1992 ਅਤੇ 1997 ਵਿਚ ਚੋਣ ਲੜੀ। ਉਨ੍ਹਾਂ ਇਮਾਨਦਾਰੀ ਅਤੇ ਸਾਦਗੀ ਪਹਿਰਾਵੇ ਸਦਕਾ ਬਸਪਾ ਸੁਪਰੀਮੋ ਮਰਹੂਮ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਦਿਲ ਵਿਚ ਅਹਿਮ ਸਥਾਨ ਹਾਸਲ ਕਰਦਿਆਂ ਪਾਰਟੀ ਨੂੰ ਓੁੱਚਾ ਚੁੱਕਣ ਲਈ ਸਰਗਰਮੀਆਂ ਨੂੰ ਪਹਿਲ ਦਿੱਤੀ
ਉਨ੍ਹਾਂ ਬਹੁਜਨ ਸਮਾਜ ਪਾਰਟੀ ਨਾਲ ਜੁੜ ਕੇ ਆਪਣੇ ਸਾਥੀਆਂ ਦਾ ਹਮੇਸ਼ਾ ਮਾਣ ਸਤਿਕਾਰ ਕੀਤਾ ਅਤੇ ਊਚ ਨੀਚ ਨੂੰ ਕਦੇ ਵੀ ਨੇੜੇ ਨਹੀਂ ਢੁੱਕਣ ਦਿੱਤਾ ਜਿਸ ਕਰਕੇ ਪਾਰਟੀ ਦੇ ਵਰਕਰਾਂ ਤੋਂ ਲੈਕੇ ਵੱਡੇ ਲੀਡਰ ਉਨ੍ਹਾਂ ਦੀ ਸ਼ਖਸ਼ੀਅਤ ਦੇ ਕਾਇਲ ਰਹੇ। ਸਿਆਸੀ ਸਫਰ ਦੌਰਾਨ ਉਹ ਆਖਰੀ ਸਾਹਂ ਤੱਕ ਬਸਪਾ ਨਾਲ ਹੀ ਜੁੜੇ ਰਹੇ। ਅੱਜ ਕੱਲ੍ਹ ਦੀ ਤਰਾਂ ਪੈਸੇ ਦੀ ਦੌੜ ਵਾਲੀ ਰਾਜਨੀਤੀ ਕਰਨ ਬਜਾਏ ਉਨ੍ਹਾਂ ਆਪਣੀ ਜਿੰਦਗੀ ਦਾ ਸਫ਼ਰ ਸਾਇਕਲ ਉਪਰ ਹੀ ਤਹਿ ਕਰਨ ਨੂੰ ਤਰਜੀਹ ਦਿੱਤੀ। ਉਹ ਬੀਤੀ 23 ਫਰਵਰੀ ਨੂੰ ਸਵੇਰੇ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਸਨ। ਉਨ੍ਹਾਂ ਨਮਿੱਤ ਸ਼ਰਧਾਜਲੀ ਸਮਾਗਮ 5 ਮਾਰਚ (ਦਿਨ ਸ਼ੁੱਕਰਵਾਰ) ਨੂੰ ਬਾਬਾ ਭਾਈ ਰੂਪ ਚੰਦ ਜੀ ਗੁਰਦੁਅਰਾ ਸਮਾਧ ਭਾਈ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਸਮਾਜਿਕ ,ਧਾਰਮਿਕ ,ਬਸਪਾ ਆਗੂ ਅਤੇ ਸਿਆਸੀ ਹਸਤੀਆਂ ਉਨ੍ਹਾਂ ਨੂੰ ਖੈਰਾਜੇ ਅਕੀਦਤ ਪੇਸ਼ ਕਰਨਗੀਆਂ।