ਅਸ਼ੋਕ ਵਰਮਾ
ਬਠਿੰਡਾ,4ਮਾਰਚ2021:ਕੇਂਦਰੀ ਜੇਲ੍ਹ ਬਠਿੰਡਾ ਦੇ ਅਧਿਕਾਰੀਆਂ ਨੇ ਯੂਥ ਅਕਾਲੀ ਆਗੂ ਸੁਖਨ ਸੰਧੂ ਦੀ ਹੱਤਿਆ ਦੇ ਦੋਸ਼ਾਂ ਤਹਿਤ ਜੇਲ੍ਹ ’ਚ ਬੰਦ ਹਵਾਲਾਤੀ ਸੰਜੇ ਠਾਕੁਰ ਤੋਂ 30 ਗਰਾਮ ਅਫੀਮ ਬਰਾਮਦ ਕੀਤੀ ਹੈ। ਥਾਣਾ ਕੈਂਟ ਪੁਲਿਸ ਨੇ ਜੇਲ੍ਹ ਨਿਯਮਾਂ ਦੀ ਉਲੰਘਣਾ ਅਤੇ ਨਸ਼ਿਆਂ ਦੀ ਬਰਾਮਦਗੀ ਦੇ ਦੋਸ਼ਾਂ ਤਹਿਤ ਪੁਲਿਸ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸੰਜੇ ਠਾਕੁਰ ਨੂੰ 18,61,85 ਐਨ ਡੀ ਪੀ ਐਸ ਐਕਟ ਅਤੇ 52ਪਰਿਜ਼ਨ ਐਕਟ ਤਹਿਤ ਨਾਮਜਦ ਕੀਤਾ ਹੈ।
ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜੇਲ੍ਹ ਦੇ ਅੰਦਰ ਅਫੀਮ ਕਿਸ ਤਰਾਂ ਤੇ ਕਦੋਂ ਪਹੁੰਚੀ ਹੈ ਜਾਂ ਫਿਰ ਮੁਲਜਮ ਨੂੰ ਕੌਣ ਸਪਲਾਈ ਦੇਕੇ ਗਿਆ ਹੈ। ਪੁਲਿਸ ਇੰਨ੍ਹਾਂ ਤੱਥਾਂ ਦੀ ਪੜਤਾਲ ਕਰ ਰਹੀ ਹੈ। ਦੱਸਣਯੋਗ ਹੈ ਕਿ ਪੁਲਿਸ ਅਨੁਸਾਰ ਵਿਚਾਰ ਅਧੀਨ ਮਾਮਲੇ ’ਚ ਹਵਾਲਾਤੀ ਸੰਜੇ ਠਾਕੁਰ ਨਿਵਾਸੀ ਪ੍ਰਤਾਪ ਨਗਰ ਬਠਿੰਡਾ ਨੇ ਅਕਤੂਬਰ 2020 ’ਚ ਵਿੱਚ ਇੱਕ ਨੌਜਵਾਨ ਅਕਾਲੀ ਨੇਤਾ ਸੁਖਮਨ ਸੰਧੂ ਨੂੰ ਠੰਢੀ ਸੜਕ ਉੱਪਰ ਕਥਿਤ ਤੌਰ ‘ਤੇ ਗੋਲੀ ਮਾਰ ਦਿੱਤੀ ਸੀ।
ਥਾਣਾ ਕੈਨਾਲ ਕਲੋਨੀ ਪੁਲਿਸ ਨੇ ਮੁਲਜਮ ‘ਤੇ ਕਤਲ ਦਾ ਕੇਸ ਦਰਜ ਕਰਕੇ ਉਸਨੂੰ ਗਿ੍ਰਫਤਾਰ ਕਰ ਲਿਆ ਜਿੱਥੋਂ ਅਦਾਲਤ ਨੇ ਉਸ ਨੂੰ ਕੇਂਦਰੀ ਜੇਲ ਬਠਿੰਡਾ ਭੇਜ ਦਿੱਤਾ ਸੀ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਮਲਕੀਤ ਸਿੰਘ ਨੇ ਥਾਣਾ ਕੈਂਟ ਪੁਲਿਸ ਨੂੰ ਸ਼ਕਾਇਤ ਦਿੱਤੀ ਸੀ ਜਿਸ ’ਚ ਦੱਸਿਆ ਸੀ ਕਿ 2 ਮਾਰਚ ਨੂੰ ਹਵਾਲਾਤੀ ਬਲਾਕ ਨੰਬਰ ਚਾਰ ਅਤੇ ਬੈਰਕ ਨੰਬਰ ਪੰਜ ’ਚ ਸਹਾਇਕ ਸੁਪਰਡੈਂਟ ਜੋਗਿੰਦਰ ਸਿੰਘ ਅਤੇ ਹਰਦੇਵ ਸਿੰਘ ਦੀ ਅਗਵਾਈ ਹੇਠ ਤਲਾਸ਼ੀ ਮੁਹਿੰਮ ਚਲਾਈ ਸੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜੇਲ੍ਹ ਗਾਰਦ ਨੇ ਸੰਜੇ ਠਾਕੁਰ ਦੀ ਸ਼ੱਕ ਦੇ ਅਧਾਰ ਤੇ ਤਲਾਸ਼ੀ ਲਈ ਤਾਂ ਉਸਦੀ ਪਜਾਮੇ ਦੀ ਜੇਬ੍ਹ ਚੋਂ ਇੱਕ ਪੇਕਟ ਬਰਾਮਦ ਹੋਇਆ ਜਿਸੋ ’ਚ 30 ਗਰਾਮ ਅਫੀਮ ਸੀ। ਮਾਮਲੇ ਦੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਗੁਰਮੀਤ ਕੌਰ ਦਾ ਕਹਿਣਾ ਸੀ ਕਿ ਮੁਲਜਮ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆਕੇ ਪੁੱਛ ਪੜਤਾਲ ਕੀਤੀ ਜਾਏਗੀ ਤਾਂ ਜੋ ਅਫੀਮ ਜੇਲ੍ਹ ਅੰਦਰ ਜਾਣ ਸਬੰਧੀ ਸਰੋਤਾਂ ਦਾ ਪਤਾ ਲਾਇਆ ਜਾ ਸਕੇ।