ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 4 ਮਾਰਚ 2021-ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 15 ਤੋਂ ਕੌਂਸਲਰ ਮਨਜੀਤ ਕੌਰ ਦੇ ਪਤੀ ਪਰਮਿੰਦਰ ਸਿੰਘ ਪਾਸ਼ਾ ਸਾਬਕਾ ਕੌਂਸਲਰ ਨੇ ਅੱਜ ਵੱਖਰੇ ਢੰਗ ਨਾਲ ਪ੍ਰਦਰਸ਼ਨ ਕਰਦਿਆਂ ਸਿਹਰਾ ਬੰਨ੍ਹ ਕੇ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਸਾਹਮਣੇ ਧਰਨਾ ਦਿੱਤਾ। ਇਸ ਮੌਕੇ ਪਾਸ਼ਾ ਨੇ ਕਾਂਗਰਸ ਲੀਡਰ ’ਤੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਉਨਾਂ ਦੇ ਵਾਰਡ ਵਿਚ ਨਗਰ ਕੌਂਸਲ ਵੱਲੋਂ ਪਾਸ ਕੀਤੇ ਕੰਮ ਹੀ ਨਹੀਂ ਕਰਵਾਉਣ ਦਿੱਤੇ ਜਾ ਰਹੇ। ਪਾਸ਼ਾ ਨੇ ਕਿਹਾ ਕਿ ਨਗਰ ਕੌਂਸਲ ਦੀ ਬੀਤੀ ਟਰਮ ਦੌਰਾਨ ਜਦ ਉਹ ਖੁਦ ਕੌਂਸਲਰ ਸਨ ਤਾਂ ਉਹਨਾਂ ਦੇ ਵਾਰਡ ਦੇ 19 ਲਖ ਰੁਪਏ ਦੇ ਗਲੀਆਂ ਦੇ ਕੰਮ ਪਾਸ ਕੀਤੇ ਗਏ ਸਨ। ਇਹ ਕੰਮਾਂ ਦਾ ਟੈਂਡਰ ਵੀ ਲਗਾ ਦਿੱਤਾ ਗਿਆ ਅਤੇ ਵਰਕ ਆਰਡਰ ਤੱਕ ਕੱਟ ਦਿੱਤੇ ਗਏ। ਵੋਟਾਂ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਵੋਟਾਂ ਤੋਂ ਬਾਅਦ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ ਜਦਕਿ ਉਨਾਂ ਦੇ ਕੰਮਾਂ ਦੇ ਬਰਾਬਰ ਪਾਸ ਕੀਤੇ ਕੰਮ ਹੋਰਾਂ ਵਾਰਡਾਂ ’ਚ ਜਿਥੇ ਕਾਂਗਰਸੀ ਕੌਂਸਲਰ ਹੈ, ਵਿਚ ਵੋਟਾਂ ਤੋਂ ਪਹਿਲਾਂ ਸ਼ੁਰੂ ਕਰਵਾ ਦਿੱਤੇ ਗਏ, ਪਰ ਹੁਣ ਜਦ ਵੋਟਾਂ ਪੈ ਗਈਆਂ, ਨਤੀਜਿਆਂ ਵਿਚ ਉਨਾਂ ਦੀ ਪਤਨੀ ਮਨਜੀਤ ਕੌਰ ਵਾਰਡ ਦੇ ਕੌਂਸਲਰ ਚੁਣੇ ਗਏ ਹਨ, ਹੁਣ ਵੀ ਇਹ ਕੰਮ ਸ਼ੁਰੂ ਨਹੀਂ ਕਰਵਾਏ ਜਾ ਰਹੇ। ਪਾਸ਼ਾ ਨੇ ਦੱਸਿਆ ਕਿ ਕਥਿਤ ਤੌਰ ’ਤੇ ਉਨਾਂ ਨੂੰ ਅਫਸਰ ਸਿੱਧੇ ਤੌਰ ’ਤੇ ਕਹਿ ਰਹੇ ਹਨ ਕਿ ਇਹ ਕੰਮ ਕਾਂਗਰਸੀ ਆਗੂ ਦੇ ਕਹਿਣ ’ਤੇ ਹੀ ਸ਼ੁਰੂ ਨਹੀ ਹੋ ਰਹੇ। ਪਾਸ਼ਾ ਨੇ ਕਿਹਾ ਕਿ ਇਹ ਧੱਕੇਸ਼ਾਹੀ ਉਹ ਬਰਦਾਸ਼ਤ ਨਹੀਂ ਕਰਨਗੇ ਅਤੇ ਜੇਕਰ ਸੋਮਵਾਰ ਤੱਕ ਕੰਮ ਸ਼ੁਰੂ ਨਾ ਹੋਏ ਤਾਂ ਉਹ ਮੰਗਲਵਾਰ ਤੋਂ ਭੁੱਖ ਹੜਤਾਲ ’ਤੇ ਵਾਰਡ ’ਚ ਬੈਠ ਜਾਣਗੇ।
ਸਿਹਰਾ ਬੰਨ ਕੇ ਪਹਿਲਾਂ ਵੀ ਕਰ ਚੁੱਕੈ ਪ੍ਰਦਰਸ਼ਨ
ਪਰਮਿੰਦਰ ਸਿੰਘ ਪਾਸ਼ਾ ਨੇ ਦੱਸਿਆ ਕਿ ਸਿਹਰਾ ਬੰਨ ਕੇ ਪ੍ਰਦਰਸ਼ਨ ਕਰਨ ਦੀ ਕਵਾਇਦ ਉਨਾਂ ਦੇ ਪਰਿਵਾਰ ’ਚ ਹੈ। ਪਹਿਲਾਂ ਕਾਲਜ ਸਮੇਂ ਉਨਾਂ ਦੇ ਪਿਤਾ ਨੇ ਸਾਬਕਾ ਵਿਧਾਇਕ ਬਲਦੇਵ ਸਿੰਘ ਬਲਮਗੜ੍ਹ ਨੇ ਉਸ ਸਮੇਂ ਡੀਐਸਪੀ ਦੇ ਵਿਰੁੱਧ ਸਿਹਰਾ ਬੰਨ੍ਹ ਪ੍ਰਦਰਸ਼ਨ ਕੀਤਾ ਸੀ, ਫਿਰ ਪਰਮਿੰਦਰ ਪਾਸ਼ਾ ਨੇ ਵੀ ਇੱਕ ਵਾਰ ਡਿਪਟੀ ਕਮਿਸ਼ਨਰ ਵਿਰੁੱਧ ਸਿਹਰਾ ਬੰਨ੍ਹ ਪ੍ਰਦਰਸ਼ਨ ਕੀਤਾ ਸੀ ਅਤੇ ਹੁਣ ਫਿਰ ਤੋਂ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਕੀਤਾ ਗਿਆ।