- ਸਿਰਸਾ ਨੇ 1984 ਦੀ ਲੜਾਈ ਨੂੰ ਖ਼ਰਾਬ ਕੀਤਾ: ਜੀਕੇ
ਨਵੀਂ ਦਿੱਲੀ, 4 ਮਾਰਚ 2021 - 1984 ਸਿੱਖ ਕਤਲੇਆਮ ਦੇ ਪੀੜਿਤਾਂ ਦੀ ਕਾਲੌਨੀ ਤਿਲਕ ਵਿਹਾਰ ਤੋਂ ਜਾਗੋ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ ਹੈ। 1984 ਦੇ ਇਨਸਾਫ਼ ਦੀ ਲੜਾਈ ਦੌਰਾਨ ਅੱਗੇ ਵੱਧ-ਚੜ੍ਹ ਕੇ ਕਾਰਜ ਕਰਨ ਵਾਲੇ ਸਮਾਜਿਕ ਕਾਰਕੁੰਨ ਬਾਬੂ ਸਿੰਘ ਦੁੱਖਿਆ ਜਾਗੋ ਪਾਰਟੀ 'ਚ ਆਪਣੇ ਸਾਥੀਆਂ ਸਣੇ ਸ਼ਾਮਲ ਹੋ ਗਏ ਹਨ। ਬਾਬੂ ਸਿੰਘ ਦੁੱਖਿਆ ਨੂੰ ਪਾਰਟੀ 'ਚ ਸ਼ਾਮਲ ਹੋਣ 'ਤੇ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਜੀ ਆਇਆ ਕਹਿੰਦੇ ਹੋਏ 1984 ਦੀ ਲੜਾਈ ਆਪਣੇ ਪ੍ਰਧਾਨਗੀ ਕਾਲ ਦੌਰਾਨ ਲੜੇ ਜਾਣ ਦਾ ਹਵਾਲਾ ਦਿੱਤਾ। ਜੀਕੇ ਨੇ ਕਿਹਾ ਕਿ ਮੇਰੇ ਤੋਂ ਪਹਿਲੇ ਦੇ ਪ੍ਰਧਾਨਾਂ ਨੇ ਪੀੜਿਤਾਂ ਦੀ ਭਲਾਈ ਅਤੇ ਇਨਸਾਫ਼ ਨੂੰ ਆਪਣੇ ਏਜੰਡੇ 'ਚ ਰਖਣ ਦੀ ਥਾਂ ਸਰਕਾਰਾਂ ਦੀ ਗੁਲਾਮੀ ਨੂੰ ਅੱਗੇ ਰਖਿਆ ਸੀ। ਪਰ ਸਾਡੀ ਟੀਮ ਨੇ ਜਿਥੇ 1984 ਕਤਲੇਆਮ ਦੀ ਯਾਦਗਾਰ ਸੰਸਦ ਭਵਨ ਦੇ ਸਾਹਮਣੇ ਬਣਾਉਣ ਦਾ ਟੀਚਾ ਪੂਰਾ ਕੀਤਾ, ਉਥੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਜੇਲ੍ਹ ਭਿਜਵਾਇਆ। ਪੀੜਿਤਾ ਦੀ ਪੈਨਸ਼ਨ, ਬੱਚਿਆਂ ਦੀ ਪੜਾਈ ਅਤੇ ਵਿਆਹ ਦਾ ਖਰਚ ਕਰਨ ਲਈ ਕਮੇਟੀ ਖਜਾਨੇ ਦਾ ਇਸਤੇਮਾਲ ਕੀਤਾ।
ਜੀਕੇ ਨੇ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਲਏ ਬਿਨਾਂ ਸਿਰਸਾ ਨੂੰ ਡਰਾਮੇਬਾਜ਼ ਅਤੇ 1984 ਦੀ ਲੜਾਈ ਨੂੰ ਕਮਜੋਰ ਕਰਨ ਵਾਲਾ ਦਸਿਆ। ਮਹਿਪਾਲਪੁਰ ਕਤਲੇਆਮ ਦੇ ਦੋਸ਼ੀ ਨੂੰ ਸਿਰਸਾ ਵੱਲੋਂ ਕੋਰਟ ਰੂਮ ਦੇ ਬਾਹਰ ਥੱਪੜ ਮਾਰਨ ਨੂੰ ਜੀਕੇ ਨੇ ਤਹਿਸ਼ੁਦਾ ਡਰਾਮਾ ਦਸਿਆ। ਜੀਕੇ ਨੇ ਕਿਹਾ ਕਿ ਆਪਣੇ ਸਾਥੀ ਦਾ ਮੋਬਾਇਲ ਕੈਮਰਾ ਆਨ ਕਰਾ ਕੇ ਸਿਰਸਾ ਨੇ ਗਿਣੀ-ਮਿਥੀ ਸਾਜਿਸ਼ ਤਹਿਤ ਮੁਜਰਿਮ ਨੂੰ ਥੱਪੜ ਮਾਰਿਆ ਸੀ। ਜੀਕੇ ਨੇ ਕਿਹਾ ਕਿ ਤ੍ਰਿਲੋਕਪੁਰੀ ਕਤਲੇਆਮ ਮਾਮਲੇ 'ਚ ਮੇਰੇ ਪ੍ਰਧਾਨ ਰਹਿੰਦੇ 100 ਤੋਂ ਵੱਧ ਲੋਕਾਂ ਨੂੰ ਸਜਾਵਾਂ ਹੋਇਆ ਸਨ, ਜਦਕਿ ਸਿਰਸਾ ਦੇ ਸਮੇਂ ਇਹ ਸਾਰੇ ਜੇਲ੍ਹ ਤੋਂ ਰਿਹਾ ਹੋ ਗਏ ਹਨ। ਜੀਕੇ ਨੇ ਸਿਰਸਾ ਦੀ ਢਿੱਲੀ ਕਾਨੂੰਨੀ ਪੈਰਵੀ ਦੀ ਗੱਲ ਕਰਦੇ ਹੋਏ ਜੇਲ੍ਹ ਤੋਂ ਸੱਜਣ ਕੁਮਾਰ ਦੇ ਛੇਤੀ ਹੀ ਬਾਹਰ ਆਉਣ ਦਾ ਖਦਸਾ ਜਤਾਇਆ।