ਕਮਿਊਨਿਟੀ ਆਗੂ ਸਤਨਾਮ ਸਿੰਘ ਦਾ ਗੋਲੀ ਮਾਰਕੇ ਕਤਲ, ਪੁਲਿਸ ਵੱਲੋਂ ਇਕ ਗ੍ਰਿਫਤਾਰ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੇਫੋਰਨੀਆਂ), 5 ਮਾਰਚ 2021
ਓਗਡੇਨ, ਯੂਟਾ ਵਿੱਚ ਪੰਜਾਬੀ ਸਟੋਰ ਮਾਲਕ ਨੂੰ ਕੰਮ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁਪਰ ਗਰੋਸਰੀਜ, ਜੋ ਕਿ 675 ਨੌਰਥ ਮਾਨਰੇ ਬੁਲੇਵਾਰਡ ਤੇ ਸਥਿਤ ਹੈ, ‘ਤੇ ਐਂਤਵਾਰ ਰਾਤੀ 11.50 ਵਜੇ ਇੱਕ ਹਥਿਆਰਾ ਸਟੋਰ ਵਿੇਚ ਦਾਖਲ ਹੋਇਆ ਅਤੇ ਮਾਲਕ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ, ਪੁਲਿਸ ਨੇ ਕਿਹਾ ਕਿ ਸੰਖੇਪ ਗੱਲਬਾਤ ਤੋਂ ਬਾਅਦ, ਸ਼ੱਕੀ ਵਿਅਕਤੀ ਨੇ ਕਥਿਤ ਤੌਰ 'ਤੇ 65 ਸਾਲਾ ਪੀੜਤ ‘ਤੇ ਪਿਸਤੌਲ ਤਾਣਕੇ ਫ਼ਾਇਰ ਕਰ ਦਿੱਤਾ , ਜਿਸ ਕਾਰਣ ਸਟੋਰ ਮਾਲਕ ਸਤਿਨਾਮ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਥਾਨਿਕ ਵਸਨੀਕ ਬੋਨੀ ਐਡਮਜ਼ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਦੱਸਿਆ ਕਿ ਸਵ. ਸਤਨਾਮ ਸਿੰਘ ਇੱਕ ਐਸਾ ਕਮਿਉਂਨਟੀ ਦਾ ਪਿੱਲਰ ਸੀ, ਜੋ ਹਰ ਵਕਤ ਹਰ ਕਿਸੇ ਦੀ ਮੱਦਦ ਕਰਨ ਲਈ ਤਿਆਰ ਰਹਿੰਦਾ ਸੀ। ਸਟੋਰ ਸਰਵੇਲੈਂਸ ਕੈਮਰੇ ਵਿੱਚ ਸ਼ੱਕੀ ਵਿਅਕਤੀ ਨੂੰ ਆਖਰੀ ਵਾਰ ਨੀਲੇ ਸਰਜੀਕਲ ਮਾਸਕ, ਸਲੇਟੀ ਓਕਲੈਂਡ ਰੇਡਰਜ਼ ਹੁੱਡੀ, ਕਾਲੇ ਦਸਤਾਨੇ, ਕਾਲੇ ਪਜਾਮੇਂ (ਖੱਬੀ ਲੱਤ ਉੱਤੇ ਚਿੱਟੇ ਅੱਖਰ ਵਾਲਾ) ਅਤੇ ਕਾਲੇ ਰੰਗ ਦੇ ਜੁੱਤੇ ਪਹਿਨੇ ਵੇਖੇ ਗਏ ਸਨ। ਕਤਲ ਕਰਨ ਮਗਰੋਂ ਉਹ ਸਟੋਰ ਦੀ ਪਾਰਕਿੰਗ ਦੇ ਉੱਤਰ ਪੱਛਮ ਵੱਲ ਭੱਜ ਗਿਆ। ਮੰਗਲਵਾਰ ਨੂੰ, ਓਗਡੇਨ ਪੁਲਿਸ ਵਿਭਾਗ ਨੇ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਨੇ ਇਸ ਘਟਨਾ ਦੇ ਸੰਬੰਧ ਵਿੱਚ ਇੱਕ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ। ਸੋਮਵਾਰ ਦੀ ਰਾਤ ਨੂੰ ਸਿੰਘ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ । ਸਿੰਘ ਦੇ ਸਨਮਾਨ ਵਿੱਚ ਇੱਕ ਗਲੀ ਦਾ ਨਾਮ ਬਦਲਣ ਦੀ ਮੰਗ ਵਾਲੀ ਇੱਕ ਪਟੀਸ਼ਨ ਉੱਤੇ 1000 ਤੋਂ ਵੱਧ ਦਸਤਖਤ ਇਕੱਠੇ ਹੋਏ ਹਨ। ਇਸ ਮੌਕੇ ਲੋਕਲ ਵਸਨੀਕਾਂ ਦੇ ਅੱਖਾਂ ਵਿੱਚ ਅੱਥਰੂ ਸਨ ਅਤੇ ਲੋਕ ਕਹਿ ਰਹੇ ਸਨ ਕਿ ਸਿੰਘ ਸਾਡੀ ਕਮਿਊਨਟੀ ਦਾ ਥੰਮ੍ਹ ਅਤੇ ਨਿਰਸਵਾਰਥ ਵਿਅਕਤੀ ਸੀ, ਜਿਸਨੂੰ ਕਾਤਲ ਨੇ ਦੁਖਦਾਈ ਢੰਗ ਨਾਲ ਉਸਦੇ ਪਰਿਵਾਰ ਅਤੇ ਦੋਸਤਾਂ ਤੋਂ ਖੋਹ ਲਿਆ । ਗੋਲੀਬਾਰੀ ਦੀ ਜਾਂਚ ਜਾਰੀ ਹੈ, ਪੁਲਿਸ ਨੇ ਅਪੀਲ ਕੀਤੀ ਕਿ ਅਗਰ ਕੋਈ ਵਿਅੱਕਤੀ ਇਸ ਘਟਨਾਂ ਸਬੰਧੀ ਕੋਈ ਜਾਣਕਾਰੀ ਰੱਖਦਾ ਹੈ ਤਾਂ ਕਿਰਪਾ ਕਰਕੇ ਓਗਡੇਨ ਸਿਟੀ ਪੁਲਿਸ ਨਾਲ 801-629-8228 'ਤੇ ਸੰਪਰਕ ਕਰਨ।