ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 5 ਮਾਰਚ 2021-ਖੇਤ ਮਜ਼ਦੂਰਾਂ ਨੂੰ ਆਏ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਭਰਨ ਤੋਂ ਅਸਮਰੱਥ ਮਜ਼ਦੂਰਾਂ ਦੇ ਮੀਟਰ ਪੁੱਟੇ ਜਾਣ ਤੋਂ ਰੋਹ ਵਿਚ ਆਏ ਖੇਤ ਮਜਦੂਰਾਂ ਨੇ ਅੱਜ ਉਪ ਮੁੱਖ ਇੰਜੀਨੀਅਰ ਸਰਕਲ ਸ੍ਰੀ ਮੁਕਤਸਰ ਸਾਹਿਬ ਦਫਤਰ ਦਾ ਘਿਰਾਓ ਕਰ ਦਿੱਤਾ। ਯੂਨੀਅਨ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ ਦੀ ਅਗਵਾਈ ਵਿਚ ਦਿੱਤੇ ਗਏ ਧਰਨੇ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ, ਬਾਜ ਸਿੰਘ ਭੁੱਟੀਵਾਲਾ, ਰਾਜਾ ਸਿੰਘ ਖੁੰਨਣ ਖੁਰਦ ਅਤੇ ਜਸਵਿੰਦਰ ਸਿੰਘ ਸੰਗੂਧੌਣ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਦੇ ਰਾਜ ਦੌਰਾਨ ਬਿਜਲੀ ਦੇ ਰੇਟਾਂ ’ਤੇ ਭਾਰੀ ਵਾਧਾ ਹੋਣ ਤੇ ਬਿਜਲੀ ਮੀਟਰਾਂ ਦੇ ਤੇਜ਼ ਚੱਲਣ ਕਾਰਨ ਮਜਦੂਰਾਂ ਨੂੰ ਹਜ਼ਾਰਾਂ ਰੁਪਏ ਦੇ ਬਿੱਲ ਭੇਜੇ ਗਏ ਹਨ, ਜਿੰਨ੍ਹਾਂ ਨੂੰ ਭਰਨਾ ਮਜਦੂਰਾਂ ਦੀ ਵੱਸ ’ਚ ਹੀ ਨਹੀਂ ਹੈ। ਉਨ੍ਹਾਂ ਆਖਿਆ ਕਿ ਲਾਕਡਾਊਨ ਦੌਰਾਨ ਮਜਦੂਰਾਂ ਦੇ ਰੁਜਗਾਰ ਦਾ ਉਜਾੜਾ ਹੋਣ ਸਦਕਾ ਉਹ ਉਸ ਸਮੇਂ ਬਿੱਲ ਅਦਾ ਨਹੀਂ ਕਰ ਸਕੇ, ਪਰ ਸਰਕਾਰ ਨੇ ਉਸ ਸਮੇਂ ਦੇ ਸਮੁੱਚੇ ਬਿੱਲ ਮੁਆਫ ਕਰਨ ਦੀ ਥਾਂ ਉਲਟਾ ਉਨਾਂ ਦੇ ਨਾਲ ਜੁਰਮਾਨਾ ਮੜ੍ਹ ਦਿੱਤਾ ਹੈ, ਜਿਸ ਕਾਰਨ ਕੁੱਝ ਪਰਿਵਾਰਾਂ ਨੂੰ ਲੱਖ-ਲੱਖ ਰੁਪਏ ਤੋਂ ਵਧੇਰੇ ਬਿੱਲ ਭੇਜੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਖੇਤ ਮਜ਼ਦੂਰਾਂ/ਦਲਿਤਾਂ ਦੇ ਖੜ੍ਹੇ ਬਕਾਏ ਖਤਮ ਕੀਤੇ ਜਾਣ, ਪੁੱਟੇ ਹੋਏ ਮੀਟਰ ਤੁਰੰਤ ਜੋੜੇ ਜਾਣ ਅਤੇ ਖੇਤੀ ਮੋਟਰਾਂ ਦੀ ਤਰ੍ਹਾਂ ਮਜਦੂਰਾਂ ਦੇ ਸਮੁੱਚੇ ਬਿੱਲ ਮੁਆਫ ਕੀਤੇ ਜਾਣ। ਇਸ ਮੌਕੇ ਲੋਕ ਮੋਰਚਾ ਪੰਜਾਬ ਦੇ ਜ਼ਿਲਾ ਆਗੂ ਪਿਆਰੇ ਲਾਲ ਦੋਦਾ ਅਤੇ ਟੀਐਸਯੂ ਬਿਜਲੀ ਕਾਮਿਆਂ ਦੀ ਜਥੇਬੰਦੀ ਦੇ ਸਰਕਲ ਪ੍ਰਧਾਨ ਅਮਰਜੀਤ ਪਾਲ ਸ਼ਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਚੁੱਕੇ ਕਦਮਾਂ ਦੀ ਬਦੌਲਤ ਹੀ ਮਜਦੂਰਾਂ ਨੂੰ ਭਾਰੀ ਬਿਜਲੀ ਬਿੱਲ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਿਜਲੀ ਬੋਰਡ ਦੇ ਮੁਕੰਮਲ ਨਿੱਜੀਕਰਨ ਲਈ ਲਿਆਂਦਾ ਬਿਜਲੀ ਸੋਧ ਬਿੱਲ 2020 ਜੇਕਰ ਲਾਗੂ ਹੋ ਗਿਆ ਤਾਂ ਬਿਜਲੀ ਸਮੂਹ ਮਜਦੂਰਾਂ ਤੇ ਗਰੀਬ ਕਿਸਾਨਾਂ ਦੀ ਪਹੁੰਚ ਤੋਂ ਪੂਰੀ ਤਰ੍ਹਾਂ ਬਾਹਰ ਹੋ ਜਾਵੇਗੀ। ਉਨ੍ਹਾਂ ਬਿਜਲੀ ਬਿੱਲਾਂ ਦੀ ਮੁਆਫੀ ਦੇ ਮਾਮਲੇ ’ਚ ਮਜਦੂਰਾਂ ਨਾਲ ਵਿਤਕਰੇ ਦਾ ਦੋਸ਼ ਲਾਉਂਦਿਆਂ ਕਿਹਾ ਕਿ ਖੇਤੀ ਮੋਟਰਾਂ ਦੇ ਤਾਂ ਪੂਰੇ ਬਿੱਲ ਮੁਆਫ ਕੀਤੇ ਗਏ ਹਨ, ਜਦੋਂ ਕਿ ਮਜਦੂਰਾਂ ਨੂੰ 200 ਯੂਨਿਟਾਂ ਦੀ ਮੁਆਫੀ ’ਤੇ ਵੀ ਅਨੇਕਾਂ ਸ਼ਰਤਾਂ ਮੜੀਆਂ ਗਈਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਪੁੱਟੇ ਮੀਟਰ ਬਿਨਾਂ ਸ਼ਰਤ ਜੋੜੇ ਜਾਣ , ਖੜ੍ਹੇ ਬਕਾਏ ਖਤਮ ਕੀਤੇ ਜਾਣ ਅਤੇ ਖੇਤੀ ਮੋਟਰਾਂ ਦੀ ਤਰ੍ਹਾਂ ਮਜਦੂਰਾਂ ਦੇ ਸਮੁੱਚੇ ਬਿਜਲੀ ਬਿੱਲ ਬਿਨਾਂ ਸ਼ਰਤ ਮੁਆਫ ਕੀਤੇ ਜਾਣ। ਜੇਕਰ ਬਿਜਲੀ ਅਧਿਕਾਰੀਆਂ ਨੇ ਪਿੰਡਾਂ ’ਚ ਖੇਤ ਮਜ਼ਦੂਰ ਘਰਾਂ ’ਚੋਂ ਮੀਟਰ ਪੁੱਟਣੇ ਬੰਦ ਨਾ ਕੀਤੇ ਤਾਂ ਮੀਟਰ ਪੁੱਟਣ ਆਏ ਬਿਜਲੀ ਅਧਿਕਾਰੀਆਂ ਦਾ ਘਿਰਾਓ ਕੀਤੇ ਜਾਣਗੇ ਅਤੇ ਮੀਟਰ ਪੁੱਟਣ ਤੋਂ ਰੋਕਿਆ ਜਾਵੇਗਾ। ਇਸ ਤੋਂ ਇਲਾਵਾ 15 ਮਾਰਚ ਨੂੰ ਬਠਿੰਡਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕਾਲੇ ਕਾਨੂੰਨਾਂ ਅਤੇ ਮਜ਼ਦੂਰ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਗੱਲ ਆਖ਼ੀ ਗਈ। ਇਸ ਸਮੇਂ ਅਮਰੀਕ ਸਿੰਘ ਭਾਗਸਰ, ਇੰਦਰਜੀਤ ਸਿੰਘ ਲੱਖੇਵਾਲੀ, ਜਸਵਿੰਦਰ ਕੌਰ ਦਾਬੜਾ, ਨਿਸ਼ਾ ਕੌਰ ਥਾਂਦੇਵਾਲਾ, ਸੈਮੂਅਲ ਸਰਾਵਾਂ ਬੋਦਲਾ ਹੈਪੀ ਗੰਧੜ ਆਦਿ ਨੇ ਵੀ ਸੰਬੋਧਨ ਕੀਤਾ।