ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 5 ਮਾਰਚ 2021-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਨੇ ਦੋ ਹੋਰ ਜ਼ਿੰਦਗੀਆਂ ਨਿਗਲ ਲਈਆਂ ਹਨ, ਜਦੋਂਕਿ ਦੁੂਜੇ ਪਾਸੇ ਚਾਰ ਨਵੇਂ ਕੇਸਾਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ 1 ਕੇਸ ਸ੍ਰੀ ਮੁਕਤਸਰ ਸਾਹਿਬ, 1 ਕੇਸ ਪਿੰਡ ਮਹਿਰਾਜਵਾਲਾ, 1 ਕੇਸ ਫੁੱਲੂ ਖੇੜਾ ਤੇ 1 ਕੇਸ ਬਰੀਵਾਲਾ ਤੋਂ ਮਿਲਿਆ ਹੈ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 3 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 684 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 409 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 277 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਵਰਣਨਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 3945 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ 3822 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 23 ਕੇਸ ਸਰਗਰਮ ਚੱਲ ਰਹੇ ਹਨ।
ਦੋ ਹੋਰ ਜ਼ਿੰਦਗੀਆਂ ਨਿਗਲ ਗਿਆ ਕੋਰੋਨਾ
ਜ਼ਿਲ੍ਹੇ ਦੇ ਪਿੰਡ ਆਲਮਵਾਲਾ ਤੇ ਬਰੀਵਾਲਾ ਤੋਂ ਇੱਕ ਔਰਤ ਸਮੇਤ ਵਿਅਕਤੀ ਦੀ ਕੋਰੋਨਾ ਕਰਕੇ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬਰੀਵਾਲਾ ਵਾਸੀ 72 ਸਾਲਾ ਵਿਅਕਤੀ, ਜੋ ਕੋੋਰੋਨਾ ਪਾਜ਼ੇਟਿਵ ਸੀ ਤੇ ਸਾਹ ਦੀ ਤਕਲੀਫ਼ ਤੇ ਸ਼ੂਗਰ ਤੋਂ ਪੀੜ੍ਹਤ ਹੋਣ ਕਰਕੇ ਫ਼ਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਦਾਖ਼ਲ ਸੀ, ਜਿੱਥੇ ਅੱਜ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਦੂਜੀ ਮਿ੍ਰਤਕ ਔਰਤ 84 ਸਾਲਾ, ਜੋ ਪਿੰਡ ਆਲਮਵਾਲਾ ਨਾਲ ਸਬੰਧਿਤ ਸੀ, ਬਲੱਡ ਪ੍ਰੈਸ਼ਰ ਤੇ ਸਾਹ ਦੀ ਤਕਲੀਫ ਕਰਕੇ ਫਰੀਦਕੋਟ ਕਾਲਾਜ ਵਿਖੇ ਦਾਖ਼ਲ ਸੀ, ਜੋ ਕੋਰੋਨਾ ਪਾਜੇਟਿਵ ਵੀ ਚੱਲ ਰਹੀ ਸੀ, ਜਿੱਥੇ ਅੱਜ ਉਸਦੀ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ ਹੁਣ ਤੱਕ ਕੁੱਲ 100 ਮੌਤਾਂ ਹੋ ਚੁੱਕੀਆਂ ਹਨ।