ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 5 ਮਾਰਚ 2021-ਦਿੱਲੀ ਸੰਘਰਸ਼ ਨੂੰ ਸਮਰਪਿਤ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਕ ਵਿਸੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੀਵਾਲਾ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਸੂਬਾ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ, ਜਸਵਿੰਦਰ ਸਿੰਘ ਝਬੇਲਵਾਲੀ ਨੇ ਸੰਘਰਸ਼ ਬਾਰੇ ਆਪਣੇ ਵਿਚਾਰ ਰੱਖੇ ਅਤੇ ਆਉਣ ਵਾਲੇ ਦਿਨਾਂ ਦੀ ਰੂਪ ਰੇਖਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਆਗੂਆਂ ਨੇ ਕਿਹਾ ਕਿ ਸੰਘਰਸ਼ ਨੂੰ ਤੇਜ਼ ਕਰਨ ਤੇ ਉਤਸ਼ਾਹ ਦੇਣ ਲਈ ਜਥੇਬੰਦੀਆਂ ਵੱਲੋਂ ਆਪਣੇ ਆਪਣੇ ਪ੍ਰੋਗਰਾਮ ਦਿੱਤੇ ਜਾ ਰਹੇ ਹਨ। ਕਿਰਤੀ ਕਿਸਾਨ ਯੂਨੀਅਨ ਵੱਲੋਂ ਆਉਣ ਵਾਲੇ ਦਿਨਾਂ ਵਿਚ ਪਿੰਡਾਂ ਵਿੱਚ ਮੋਟਰਸਾਇਕਲ ਮਾਰਚ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਦਿੱਲੀ ਜਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਾ. ਬਲਜੀਤ ਸਿੰਘ ਰੋਡ, ਜਗਮੀਤ ਸਿੰਘ ਕੋਟਲੀ ਅਬਲੂ, ਅਮਰਿੰਦਰ ਸਿੰਘ ਮੋੜ ਨੇ ਕਿਹਾ ਕਿ ਜੋ ਕਿਸਾਨ ਦਿੱਲੀ ਪੱਕੇ ਤੌਰ ’ਤੇ ਬੈਠੇ ਹਨ, ਉਨ੍ਹਾਂ ਦੀ ਆਉਣ ਵਾਲੀ ਸਾਉਣੀ ਦੀ ਫਸਲ ਦੀ ਕਟਾਈ ਲਈ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ। ਨੌਜਵਾਨ ਭਾਰਤ ਸਭਾ ਦੇ ਮਹਾਂ ਸਮਾਗਮ ਅਤੇ ਸਟੂਡੈਂਟ ਯੂਨੀਅਨ ਦੇ ਆਗੂ ਰਾਜਵਿੰਦਰ ਸਿੰਘ ਨੇ ਜਿੱਤ ਤੱਕ ਕਿਸਾਨਾਂ ਦਾ ਸਾਥ ਦੇਣ ਦੀ ਗੱਲ ਆਖੀ ਹੈ। ਹੋਰਨਾਂ ਤੋਂ ਇਲਾਵਾ ਮੀਟਿੰਗ ਵਿਚ ਸੁਖਜਿੰਦਰ ਸਿੰਘ ਕੋਟਲੀ ਅਬਲੂ, ਸ਼ਿਵਰਾਜ ਸਿੰਘ, ਗੁਰਤੇਜ ਸਿੰਘ ਲੰਡੇ ਰੋਡ, ਗੁਰਪ੍ਰੀਤ ਸਿੰਘ ਲੰਡੇਰੋਡੇ, ਨਿਰਮਲ ਸਿੰਘ ਗੋਨੇਆਣਾ ਵੀ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਮੋਟਰਸਾਇਕਲ ਮਾਰਚ ਦਾ ਦਿਨ ਅਗਲੇ ਦੋ ਦਿਨਾਂ ਵਿਚ ਉਲੀਕਿਆ ਜਾਵੇਗਾ।