ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 5 ਮਾਰਚ 2021-ਸ਼ਹਿਰ ਦੇ ਵਾਰਡ ਨੰਬਰ 15 ਦੇ ਕੌਂਸਲਰ ਮਨਜੀਤ ਕੌਰ ਪਾਸ਼ਾ ਦੇ ਪਤੀ ਤੇ ਸਾਬਕਾ ਕੌਂਸਲਰ ਪਰਮਿੰਦਰ ਪਾਸ਼ਾ ਨੇ ਅੱਜ ਕਾਂਗਰਸ ਦੀ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਦਾ ਪੁਤਲਾ ਫੂਕਿਆ ਤੇ ਸਮੂਹ ਸੁਰਗਾਪੁਰੀ ਤੇ ਵਾਰਡ ਦੇ ਨਿਵਾਸੀਆਂ ਵੱਲੋਂ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਖਿਲਾਫ਼ ਨਾਅਰੇਬਾਜ਼ੀ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਪਾਸ਼ਾ ਨੇ ਦੱਸਿਆ ਕਿ ਆਪਣੇ ਕਾਰਜ਼ਕਾਲ ਦੌਰਾਨ ਕੌਂਸਲਰ ਹੁੰਦੇ ਹੋਏ ਵਾਰਡ ਨੰ. 15 ਦੇ ਵਿਕਾਸ ਲਈ ਟੈਂਡਰ ਪਾਸ ਕਰਵਾਏ ਗਏ ਸਨ, ਜਿਸ ’ਤੇ ਕਮੇਟੀ ਵੱਲੋਂ ਵਰਕ ਆਡਰ ਵੀ ਕੱਟੇ ਜਾ ਚੁੱਕੇ ਸਨ ਅਤੇ ਨਗਰ ਕੌਂਸਲ ਅਧਿਕਾਰੀਆਂ ਵੱਲੋਂ 2 ਫਰਵਰੀ ਨੂੰ ਵਿਕਾਸ ਕਾਰਜ਼ ਸ਼ੁਰੂ ਕਰਨ ਦੀ ਸਹਿਮਤੀ ਵੀ ਦੇ ਦਿੱਤੀ ਗਈ ਸੀ, ਪਰ ਬੀਤੇਂ ਦਿਨੀਂ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ’ਚ ਮੇਰੀ ਪਤਨੀ ਮਨਜੀਤ ਕੌਰ ਪਾਸ਼ਾ ਦੇ ਹੱਕ ਵਿਚ ਸਮੂਹ ਵਾਰਡ ਵਾਸੀਆਂ ਨੇ ਫਤਵਾ ਦਿੱਤਾ ਤੇ ਉਨ੍ਹਾਂ ਨੂੰ ਵਾਰਡ ਦਾ ਕੌਂਸਲਰ ਨਿਯੁਕਤ ਕਰ ਦਿੱਤਾ ਗਿਆ। ਸਾਬਕਾ ਕੌਂਸਲਰ ਪਰਮਿੰਦਰ ਪਾਸ਼ਾ ਨੇ ਕਾਂਗਰਸ ਦੀ ਸਾਬਕਾ ਵਿਧਾਇਕਾ ਤੇ ਹਲਕਾ ਇੰਚਾਰਜ਼ ਕਰਨ ਕੌਰ ਬਰਾੜ ’ਤੇ ਕਥਿਤ ਦੋਸ਼ ਲਗਾਏ ਕਿ ਕਾਂਗਰਸ ਸਰਕਾਰ ਦਾ ਰੋਹਬ ਦਿਖਾਉਂਦੇ ਹੋਏ ਨਗਰ ਕੌਂਸਲ ਦੇ ਬਾਬੂਆਂ ਨੂੰ ਵਾਰਡ ਨੰਬਰ. 15 ਵਿਚ ਵਿਕਾਸ ਕਾਰਜ਼ ਸ਼ੁਰੂ ਕਰਨ ਤੋਂ ਵਰਜ਼ ਦਿੱਤਾ ਗਿਆ ਹੈ, ਜਿਸ ਦੇ ਰੋਸ ਵਜੋਂ ਉਹ ਬੀਤੇਂ ਵੀਰਵਾਰ ਨੂੰ ਸਿਹਰਾ ਬੰਨ੍ਹ ਕੇ ਕਮੇਟੀ ’ਚ ਧਰਨਾ ਵੀ ਲਗਾ ਚੁੱਕੇ ਹਨ, ਜਿੱਥੇ ਕਮੇਟੀ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸੋਮਵਾਰ ਤੱਕ ਵਿਕਾਸ ਕਾਰਜ਼ ਸ਼ੁਰੂ ਕਰਾਉਣ ਦਾ ਸਮਾਂ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਬਹੁਤ ਸਾਰੇ ਸੁਰਗਾਪੁਰੀ ਮੁਹੱਲਾ ਤੇ ਵਾਰਡ ਨੰਬਰ 15 ਦੇ ਨਿਵਾਸੀ ਮੌਜੂਦ ਸਨ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਕੀ ਕਹਿਣਾ ਹੈ ਸਾਬਕਾ ਵਿਧਾਇਕਾ ਦਾ
ਇਸ ਸਬੰਧੀ ਜਦੋਂ ਕਾਂਗਰਸ ਦੀ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ’ਤੇ ਇਲਜ਼ਾਮ ਲਗਾਏ ਜਾ ਰਹੇ ਹਨ, ਉਹ ਸਰਾਸਰ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਸ਼ਹਿਰ ਦੇ ਕਿਸੇ ਵੀ ਵਾਰਡ ’ਚ ਵਿਕਾਸ ਕਾਰਜ ਹੋਣ ਤੋਂ ਕਦੇ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਸਮੂਹ ਵਾਰਡਾਂ ’ਚ ਉਨ੍ਹਾਂ ਦੇ ਵੀ ਵੋਟਰ ਹਨ ਤੇ ਪੂਰਾ ਸ਼ਹਿਰ ਉਨ੍ਹਾਂ ਨੂੰ ਇੱਕ ਸਮਾਨ ਹੈ। ਮੈਂ ਵੀ ਸ੍ਰੀ ਮੁਕਤਸਰ ਸਾਹਿਬ ਦੀ ਵਸਨੀਕ ਹਾਂ ਤੇ ਜੇਕਰ ਮੇਰੇ ਸ਼ਹਿਰ ਦਾ ਵਿਕਾਸ ਹੁੰਦਾ ਹੈ ਤਾਂ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ। ਸ਼ਹਿਰ ਮੇਰੇ ਪਰਿਵਾਰ ਵਾਂਗ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸ਼ਹਿਰ ਦੇ ਵਿਕਾਸ ਵਿਚ ਹੋਰ ਜ਼ਿਆਦਾ ਤੇਜ਼ੀ ਆਵੇ।