ਅਸ਼ੋਕ ਵਰਮਾ
ਬਠਿੰਡਾ, 05 ਮਾਰਚ 2021: ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਸੰਸਦੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਬਠਿੰਡਾ ਵਿੱਚ ‘ਦਿਸ਼ਾ ਕਮੇਟੀ’ ਦੀ ਕੀਤੀ ਗਈ ਮੀਟਿੰਗ ਵਿੱਚ ਪੁਰਾਣਾ ਜਲੌਅ ਨਾ ਦਿਖਾਈ ਦਿੱਤਾ। ਨਾ ਪੁਰਾਣੇ ਦਬਕੇ ਅਤੇ ਨਾ ਪੁਰਾਣਾ ਦਮਖਮ, ਉਪਰੋਂ ਜਿਆਦਾਤਰ ਅਫਸਰ ਵੀ ਬਿਨਾਂ ਤਿਆਰੀ ਹੀ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਗੱਠਜੋੜ ਸਰਕਾਰ ਦੇ ਰਾਜ ਭਾਗ ’ਚ ਅਫਸਰ ਨਤਮਸਤਕ ਹੁੰਦੇ ਰਹੇ ਹਨ। ਖਾਸ ਤੌਰ ਤੇ ਬੀਬੀ ਬਾਦਲ ਦੀ ਆਮਦ ਮੌਕੇ ਅਫਸਰਾਂ ਦਾ ਕਾਫਲਾ ਉਨ੍ਹਾਂ ਨਾਲ ਚੱਲਦਾ ਸੀ। ਲੰਮੇ ਸਮੇਂ ਮਗਰੋਂ ਜ਼ਿਲ੍ਹਾ ਬੁਨਿਆਦੀ ਢਾਂਚਾ ਸਕੀਮ ਸਲਾਹਕਾਰੀ ਕਮੇਟੀ (ਦਿਸ਼ਾ) ਦੀ ਹੋਈ ਮੀਟਿੰਗ ਵਿੱਚ ਬਠਿੰਡਾ ਵਿੱਚ ਚੱਲਦੀਆਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਬਠਿੰਡਾ ਤੇਜ ਪ੍ਰਤਾਪ ਸਿੰਘ ਫੂਲਕਾ ਹਾਜਰ ਸਨ।
ਪੰਜਾਬ ’ਚ ਕਾਂਗਰਸ ਦੇ ਸੱਤਾ ’ਚ ਹੋਣ ਅਤੇ ਖੇਤੀ ਕਾਨੂੰਨਾਂ ਖਿਲਾਫ ਗਠਜੋੜ ਟੁੱਟਣ ਦਾ ਪ੍ਰਭਾਵ ਮੀਟਿੰੰਗ ’ਚ ਸਪਸ਼ਟ ਦਿਖਾਈ ਦੇ ਰਿਹਾ ਸੀ। ਬੀਬੀ ਬਾਦਲ ਨੇ ਪਹਿਲਾਂ ਦੀ ਤਰਾਂ ਕੇਂਦਰੀ ਸਕੀਮਾਂ ਦੀ ਸ਼ਲਾਘਾ ਕੀਤੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਕਰ ਕਰਨ ਤੋਂ ਪੂਰੀ ਤਰਾਂ ਪਾਸਾ ਵੱਟਿਆ। ਉਨ੍ਹਾਂ ਪੂਰੀ ਮੀਟਿੰਗ ਦੌਰਾਨ ਪੰਜਾਬ ਸਰਕਾਰ ਦਾ ਬਿਲਕੁਲ ਵੀ ਜਿਕਰ ਨਹੀਂ ਕੀਤਾ। ਸੂਤਰ ਦੱਸਦੇ ਹਨ ਕਿ ਕੇਂਦਰੀ ਨਿਯਮਾਂ ਅਨੁਸਾਰ ‘ਦਿਸ਼ਾ ਕਮੇਟੀ’ ਦੀ ਮੀਟਿੰਗ ਤਿੰਨ-ਚਾਰ ਮਹੀਨਿਆਂ ਮਗਰੋਂ ਮੀਟਿੰਗ ਹੋਣੀ ਹੁੰਦੀ ਹੈ ਪ੍ਰੰਤੂ ਇਹ ਮੀਟਿੰਗ ਕਾਫੀ ਸਮੇਂ ਬਾਅਦ ਹੋਈ ਹੈ। ਮੀਟਿੰਗ ਵਿੱਚ ਕੇਂਦਰ ਸਰਕਾਰ ਦੀਆਂ ਕਰੀਬ ਤਿੰਨ ਦਰਜਨ ਸਕੀਮਾਂ ਤਹਿਤ ਚੱਲਦੇ ਕੰਮਾਂ ਦੀ ਸਮੀਖਿਆ ਕੀਤੀ ਗਈ।
ਬੀਬੀ ਬਾਦਲ ਨੇ ਬਹੁਤੇ ਅਫਸਰਾਂ ਨੂੰ ਜਦੋਂ ਚੱਲਦੇ ਕੰਮਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਜੁਆਬ ਡੰਗ ਟਪਾਉਣ ਵਾਲਾ ਸੀ । ਕਈ ਮਹਿਕਮਿਆਂ ਦੇ ਅਫਸਰ ਇਸ ਮਾਮਲੇ ਵਿੱਚ ਢਿੱਲੇ ਜਾਪੇ। ਭਾਵੇਂ ਬੀਬੀ ਬਾਦਲ ਨੇ ਅਜਿਹੇ ਅਫਸਰਾਂ ਨੂੰ ਤੇਵਰ ਦਿਖਾਏ ਪ੍ਰੰਤੂ ਅਧਿਕਾਰੀਆਂ ਨੇ ਸਹਿਜਤਾ ਨਾਲ ਲਿਆ। ਕੇਂਦਰੀ ਮੰਤਰੀ ਨੇ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਸਕੀਮਾਂ ਤਹਿਤ ਦਿੱਤੇ ਫੰਡਾਂ ਨੂੰ ਜਲਦੀ ਖਤਮ ਕਰਕੇ ਵਰਤੋਂ ਸਰਟੀਫਿਕੇਟ ਦੇਣ। ਉਨ੍ਹਾਂ ਇਹ ਵੀ ਆਖਿਆ ਕਿ ਕੰਮਾਂ ’ਚ ਦੇਰੀ ਅਤੇ ਕਿਸੇ ਵੀ ਤਰ੍ਹਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕ ਭਲਾਈ ਸਕੀਮਾਂ ਦਾ ਯੋਗ ਲਾਭਪਾਤਰੀਆਂ ਨੂੰ ਲਾਭ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਦਿੱਤੇ ਗਏ ਟੀਚੇ ਸਮੇਂ ਸਿਰ ਪੂਰੇ ਕੀਤੇ ਜਾਣ।
ਉਨ੍ਹਾਂ ਮੀਟਿੰਗ ਦੌਰਾਨ ਅਟਲ ਮਿਸ਼ਨ ਫਾਰ ਰੇਜੂਵੀਨੇਸ਼ਨ ਅਤੇ ਅਰਬਨ ਟਰਾਸਫਾਰਮੇਸ਼ਨ (ਅਮਰੁਤ) ਦੀ ਸਮੀਖਿਆ ਕਰਦਿਆਂ ਆਖਿਆ ਕਿ ਇਸ ਸਕੀਮ ਤਹਿਤ ਚੱਲ ਰਹੇ ਕੰਮ ਸਮੇਂ ਸਿਰ ਪੂਰੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਸਾਨਾਂ ਲਈ ਚਲਾਈਆਂ ਵੱਖ ਵੱਖ ਯੋਜਨਾਵਾਂ ਅਤੇ ਫਸਲ ਬੀਮਾ ਯੋਜਨਾ ਤੋਂ ਇਲਾਵਾ (ਆਈ.ਸੀ.ਡੀ.ਐਸ) ਤੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਪਰਮਵੀਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਵਾਇਆ ਕਿ ਸਾਰੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ, ਏਡੀਸੀ (ਜਨਰਲ) ਰਾਜਦੀਪ ਸਿੰਘ ਬਰਾੜ, ਸਾਬਕਾ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਸਾਬਕਾ ਐਮ.ਐਲ.ਏ ਦਰਸ਼ਨ ਸਿੰਘ ਕੋਟਫੱਤਾ ਅਤੇ ਬਲਕਾਰ ਸਿੰਘ ਆਦਿ ਹਾਜ਼ਰ ਸਨ।