ਅਸ਼ੋਕ ਵਰਮਾ
ਮਾਨਸਾ, 05 ਮਾਰਚ 2021: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਗੁੜੱਦੀ ਵਿਖੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ) ਸ੍ਰੀ ਸੰਜੀਵ ਕੁਮਾਰ ਬਾਂਸਲ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਆਪਸੀ ਪ੍ਰੇਮ, ਦਇਆ, ਧਾਰਮਿਕ ਸਹਿਣਸ਼ੀਲਤਾ ਅਤੇ ਲਾਸਾਨੀ ਕੁਰਬਾਨੀ ਦੀਆਂ ਸਦੀਵੀ ਸਿੱਖਿਆਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਹਿਤ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਗੁਰੁ ਜੀ ਦੇ ਉੱਚੇ ਆਦਰਸ਼ਾਂ ਵਾਲ਼ੇ ਜੀਵਨ ਅਤੇ ਲਾਸਾਨੀ ਕੁਰਬਾਨੀ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।ਇਨ੍ਹਾਂ ਆਦਰਸ਼ਾਂ ਉੱਤੇ ਚੱਲ ਕੇ ਹੀ ਇੱਕ ਬਿਹਤਰ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਸਕੂਲ ਮੁਖੀ ਸ੍ਰੀ ਪਰਮਜੀਤ ਸਿੰਘ ਸੈਣੀ ਨੇ ਦੱਸਿਆ ਕਿ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ਼ ਹਿੱਸਾ ਲੈ ਕੇ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਫਲਸਫੇ ਨੂੰ ਆਪੋ-ਆਪਣੀ ਸੋਚ ਮੁਤਾਬਕ ਰੰਗਾਂ ਵਿੱਚ ਢਾਲਣ ਦੀ ਸਫਲ ਕੋਸ਼ਿਸ਼ ਕੀਤੀ ਗਈ। ਹਾਈ ਵਰਗ ਵਿੱਚੋਂ ਇਸ ਮੁਕਾਬਲੇ ਵਿੱਚ ਨੌਵੀਂ ਜਮਾਤ ਦੇ ਵਿਦਿਆਰਥੀ ਲਵਕਰਨ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮਿਡਲ ਵਰਗ ਵਿੱਚੋਂ ਸੰਨੀ ਸਿੰਘ ਜੇਤੂ ਰਿਹਾ। ਇਸ ਮੁਕਾਬਲੇ ਵਿੱਚ ਸ੍ਰੀ ਕੁਲਦੀਪ ਸਿੰਘ ਹਿੰਦੀ ਮਾਸਟਰ ਅਤੇ ਮਿਸ ਅਰਸ਼ਪ੍ਰੀਤ ਕੌਰ ਆਰਟ ਅਧਿਆਪਕਾ ਨੇ ਬਤੌਰ ਜੱਜ ਡਿਊਟੀ ਦਿੱਤੀ। ਜੇਤੂ ਵਿਦਿਆਰਥੀਆਂ ਅਤੇ ਭਾਗ ਲੈਣ ਵਾਲ਼ੇ ਸਾਰੇ ਵਿਦਿਆਰਥੀਆਂ ਨੂੰ ਮੌਕੇ ‘ਤੇ ਹੀ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਵੱਲੋਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਣ ਵਾਲ਼ੇ ਅਜਿਹੇ ਸਾਰੇ ਮੁਕਾਬਲਿਆਂ ਦੀ ਪੂਰੀ ਤਿਆਰੀ ਰੱਖਣ ਅਤੇ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਨੇ ਇਸ ਮੁਕਾਬਲੇ ਦੇ ਵਧੀਆ ਪ੍ਰਬੰਧ ਲਈ ਆਰਟ ਅਧਿਆਪਕਾ ਮਿਸ ਅਰਸ਼ਪ੍ਰੀਤ ਕੌਰ ਅਤੇ ਡੀ.ਪੀ.ਈ ਸ੍ਰੀ ਪੰਕਜ ਕੁਮਾਰ ਦਾ ਧੰਨਵਾਦ ਕੀਤਾ।