ਹਰੀਸ਼ ਕਾਲੜਾ
ਰੂਪਨਗਰ 05 ਮਾਰਚ 2021: ਘਰ-ਘਰ ਰੋਜਗਾਰ ਮਿਸ਼ਨ ਦੇ ਤਹਿਤ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ ਵਲੋਂ ਡਿਪਟੀ ਕਮਿਸ਼ਨਰ, ਰੂਪਨਗਰ-ਕਮ-ਚੇਅਰਪਰਸਨ ਸੋਨਾਲੀ ਗਿਰੀ ਨੇ ਅਜ ਬਿਊਰੋ ਵਿਖੇ ਚੱਲ ਰਹੀ ਸਰਕਾਰੀ ਪੇਪਰਾਂ ਲਈ ਮੁਫਤ ਕੋਚਿੰਗ ਦੇ ਵਿਦਿਆਰਥੀਆਂ ਨਾਲ ਕੌਫੀ ਪੀਤੀ ਅਤੇ ਉਹਨਾਂ ਨੂੰ ਮੋਟੀਵੇਟ ਕੀਤਾ।ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ,ਵਲੋਂ ਡਿਪਟੀ ਕਮਿਸ਼ਨਰ ਰੂਪਨਗਰ ਦੀ ਅਗਵਾਈ ਹੇਠ ਸਰਕਾਰੀ ਪੇਪਰਾਂ ਨੂੰ ਪਾਸ ਕਰਕੇ ਨੌਕਰੀ ਲੈਣ ਦੇ ਚਾਹਵਾਨ ਪ੍ਰਾਰਥੀਆਂ ਅਤੇ ਜਰੂਰਤ ਮੰਦਾਂ ਨੂੰ ਇਹ ਕੋਚਿੰਗ ਮੁਫਤ ਦਿਤੀ ਜਾ ਰਹੀ ਹੈ।ਉਹਨਾਂ ਨੇ ਵਿਦਿਆਰਥੀਆਂ ਨਾਲ ਕੌਫੀ ਪੀਂਦੇ ਸਮੇਂ ਆਪਣੇ ਤਜਰਬੇ ਸਾਂਝੇ ਕੀਤੇ। ਉਹਨਾਂ ਨੇ ਯੂ਼. ਪੀ. ਐਸ. ਸੀ. ਦੇ ਪੇਪਰ ਵਿਚ ਆਉਣ ਵਾਲੀਆਂ ਔਕੜਾਂ ਦੱਸੀਆਂ ਅਤੇ ਇਹ ਵੀ ਦੱਸਿਆ ਕਿ ਉਹਨਾਂ ਨੇ ਕਿਸ ਤਰਾਂ ਆਪਣੀ ਮਿਹਨਤ ਅਤੇ ਲਗਨ ਨਾਲ ਇਹਨਾਂ ਔਕੜਾਂ ਦਾ ਸਾਹਮਣਾ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਆਪਣੇ ਸਮਰੱਥਾ ਅਨੁਸਾਰ ਟੀਚਾ ਨਿਰਧਾਰਿਤ ਕਰਨ ਲਈ ਕਿਹਾ ।ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਦਗੀ ਵਿਚ ਹਰ ਕੋਈ ਸਫਲਤਾ ਪ੍ਰਾਪਤ ਕਰ ਸਕਦਾ ਹੈ ਅਤੇ ਕੋਈ ਵੀ ਕੰਮ ਔਖਾ ਨਹੀ ਹੁੰਦਾ ਅਤੇ ਇਹ ਵੀ ਦੱਸਿਆ ਗਿਆ ਕਿ ਸਰਕਾਰੀ ਪੇਪਰਾਂ ਦੀ ਤਿਆਰੀ ਕਰਨ ਵਿੱਚ ਵਿਦਿਆਰਥੀਆਂ ਨੂੰ ਜੋ ਵੀ ਸਹਾਇਤਾ ਦੀ ਜਰੂਰਤ ਹੈ, ਉਹ ਉਹਨਾਂ ਨੂੰ ਦਿਤੀ ਜਾ ਰਹੀ ਅਤੇ ਅੱਗੇ ਵੀ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ,ਵਲੋੱ ਲਾਇਬ੍ਰੇਰੀ ਦੀ ਸਹੂਲਤ ਵੀ ਦਿੱਤੀ ਗਈ ਹੈ,ਜਿਸ ਵਿੱਚ ਉਹ ਕਿਤਾਬਾਂ ਇਸ਼ੂ ਕਰਵਾ ਕੇ ਲਾਇਬ੍ਰੇਰੀ ਵਿਚ ਬੈਠਕੇ ਪੜ੍ਹ ਸਕਣ ਅਤੇ ਆਪਣੀ ਤਿਆਰੀ ਸੁਚੇਰੇ ਢੰਗ ਨਾਲ ਕਰ ਸਕਣ।ਰਮਨਦੀਪ ਕੌਰ,ਰੋਜਗਾਰ ਅਫਸਰ, ਰੂਪਨਗਰ, ਵਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ, ਸਕਿੱਲ ਕੋਰਸ ਅਤੇ ਸਵੈ ਰੋਜਗਾਰ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਲਾਭ ਲੈਣ ਲਈ ਪ੍ਰਾਰਥੀ .. ਤੇ ਰਜਿਸਟਰ ਕਰ ਸਕਦੇ ਹਨ।