ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 6 ਮਾਰਚ 2021 - ਅਮਰੀਕਾ ਦੀ ਕੈਪੀਟਲ ਪੁਲਿਸ ਨੇ ਕੈਪੀਟਲ ਹਿੱਲ ਦੀ ਸੁਰੱਖਿਆ ਲਈ 60 ਦਿਨਾਂ ਤੱਕ ਵਾਸ਼ਿੰਗਟਨ ਡੀ.ਸੀ. ਵਿੱਚ ਨੈਸ਼ਨਲ ਗਾਰਡ ਸੈਨਿਕਾਂ ਨੂੰ ਤਾਇਨਾਤ ਰੱਖਣ ਦੀ ਬੇਨਤੀ ਕੀਤੀ ਹੈ। ਇਸ ਸੰਬੰਧੀ ਕੈਪੀਟਲ ਪੁਲਿਸ ਅਨੁਸਾਰ ਕਾਰਜਕਾਰੀ ਮੁਖੀ ਯੋਗਾਨੰਦ ਪਿਟਮੈਨ ਨੇ ਇਸ ਲਈ ਬੇਨਤੀ ਕੀਤੀ ਹੈ ਅਤੇ ਰੱਖਿਆ ਵਿਭਾਗ ਦੁਆਰਾ ਇਸ ਬੇਨਤੀ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਮੇਂ ਰਾਜਧਾਨੀ ਖੇਤਰ ਵਿੱਚ ਨੈਸ਼ਨਲ ਗਾਰਡ ਮੈਂਬਰਾਂ ਦੀ ਮੌਜੂਦਾ ਗਿਣਤੀ ਇੱਕ ਸੁਰੱਖਿਆ ਮਿਸ਼ਨ ਦੇ ਹਿੱਸੇ ਵਜੋਂ ਲੱਗਭਗ 5,200 ਮੈਂਬਰਾਂ ਦੀ ਹੈ ਜੋ ਕਿ 6 ਜਨਵਰੀ ਦੇ ਦੰਗਿਆਂ ਤੋਂ ਬਾਅਦ ਤਾਇਨਾਤ ਕੀਤੇ ਗਏ ਸਨ ਅਤੇ ਇਹਨਾਂ ਦੇ ਇਸ ਮਿਸ਼ਨ ਦੀ ਮਿਆਦ 12 ਮਾਰਚ ਨੂੰ ਖਤਮ ਹੋਣ ਵਾਲੀ ਹੈ।
ਇਸ ਲਈ ਕੈਪੀਟਲ ਪੁਲਿਸ ਨੇ ਇਸ ਮਿਆਦ ਨੂੰ ਵਧਾਉਣ ਲਈ ਲੱਗਭਗ 2 ਹਜ਼ਾਰ ਸੈਨਿਕਾਂ ਨੂੰ 30-60 ਦਿਨਾਂ ਤੱਕ ਰਹਿਣ ਦੀ ਬੇਨਤੀ ਕੀਤੀ ਹੈ। ਕੈਪੀਟਲ ਪੁਲਿਸ ਦੁਆਰਾ ਇਹ ਬੇਨਤੀ ਐਫ ਬੀ ਆਈ ਅਤੇ ਹੋਮਲੈਂਡ ਸਿਕਿਓਰਿਟੀ ਵਿਭਾਗ ਦੁਆਰਾ ਇੱਕ ਸੁਰੱਖਿਆ ਬੁਲੇਟਿਨ ਜਾਰੀ ਕਰਨ ਤੋਂ ਬਾਅਦ ਇਸ ਵਾਧੇ ਦੀ ਬੇਨਤੀ ਕੀਤੀ ਹੈ, ਜਿਸ ਵਿੱਚ ਹਿੰਸਕ ਕੱਟੜਪੰਥੀਆਂ ਦੁਆਰਾ 4 ਮਾਰਚ ਨੂੰ ਜਾਂ ਉਸ ਦੇ ਨੇੜੇ ਦੀ ਤਾਰੀਖ ਦੌਰਾਨ ਵਾਸ਼ਿੰਗਟਨ, ਡੀ.ਸੀ. ਦੀ ਯਾਤਰਾ ਕਰਨ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ।ਇਸ ਲਈ ਰਾਜਧਾਨੀ ਦੀ ਸੁਰੱਖਿਆ ਲਈ ਲੱਗਭਗ 2,000 ਫੌਜਾਂ ਦੇ ਠਹਿਰਣ ਦੀ ਬੇਨਤੀ ਕੀਤੀ ਗਈ ਹੈ , ਜਿਸ ਵਿੱੱਚ 500-600 ਮੈਂਬਰਾਂ ਦੀਆਂ ਚਾਰ ਸ਼ਿਫਟਾਂ ਲਈ ਯੋਜਨਾ ਬਣਾਈ ਗਈ ਹੈ।