ਮਨਿੰਦਰਜੀਤ ਸਿੱਧੂ
- ਕਰਨ ਦੁੱਲਟ ਦਾ ਲੋਕਾਂ ਵਿੱਚ ਵੱਡਾ ਆਧਾਰ ਅਤੇ ‘ਦੁੱਲਟ’ ਪਰਿਵਾਰ ਦਾ ਇੱਕ ਗੌਰਵਮਈ ਇਤਿਹਾਸ ਹੈ- ਸੁਖਬੀਰ ਸਿੰਘ ਬਾਦਲ
ਜੈਤੋ, 6 ਮਾਰਚ 2021 - ਹਾਲ ਹੀ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਭਗਤੂਆਣਾ ਵਾਲੇ ਸਰਦਾਰਾਂ ਦੇ ਕਾਕੇ ਅਤੇ ਮਰਹੂਮ ਸਰਪੰਚ ਹਰਦੀਪਕ ਸਿੰਘ ‘ਲਿੱਲੀ ਦੁੱਲਟ’ ਦੇ ਸਪੁੱਤਰ ਕਰਨ ਦੁੱਲਟ ਵੱਲੋਂ ਖੜ੍ਹੇ ਕੀਤੇ ਉਮੀਦਵਾਰਾਂ ਵਿੱਚੋਂ ਦੋ ਉਮੀਦਵਾਰ ਡਾ. ਬਲਵਿੰਦਰ ਸਿੰਘ ਅਤੇ ਰਜਨੀ ਦੇਵੀ ਨੂੰ ਸਫਲਤਾ ਮਿਲੀ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਕਰਨ ਦੁੱਲਟ ਆਪਣੀ ਜਿੱਤ ਦੀ ਖੁਸ਼ੀ ਸਾਂਝੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨ ਦੁੱਲਟ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਧੱਕੇਸ਼ਾਹੀਆਂ ਦੇ ਬਾਵਜੂਦ ਤੁਹਾਡੀ ਇਹ ਜਿੱਤ ਤੁਹਾਡੀ ਲੋਕਪ੍ਰਿਅਤਾ ਦਾ ਸਬੂਤ ਹੈ।ਉਹਨਾਂ ਕਿਹਾ ਕਿ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹਰ ਫਰੰਟ ਉੱਪਰ ਫੇਲ੍ਹ ਹੋ ਚੁੱਕੀ ਹੈ ਅਤੇ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ।ਲੋਕ ਭਲਾਈ ਦੇ ਕੰਮ ਕਰਨੇ ਜਾਂ ਲੋਕ ਭਲਾਈ ਦੀਆਂ ਸਕੀਮਾਂ ਚਲਾਉਣੀਆਂ ਤਾਂ ਦੂਰ ਦੀ ਗੱਲ ਹੈ।ਸਗੋਂ ਉਹਨਾਂ ਤਾਂ ਸ਼ੋਮਣੀ ਅਕਾਲੀ ਦਲ ਦੇ ਰਾਜ ਵੇਲੇ ਜੋ ਲੋਕ ਹਿੱਤ ਦੀਆਂ ਸਕੀਮਾਂ ਚਲਾਈਆਂ ਸਨ, ਉਹਨਾਂ ਉੱਪਰ ਵੀ ਆਰੀ ਫੇਰਨੀ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਕਰਨ ਦੁੱਲਟ ਨੇ ਪਾਰਟੀ ਪ੍ਰਧਾਨ ਕੋਲ ਜੈਤੋ ਦੀਆਂ ਮੁੱਖ ਸਮੱਸਿਆਵਾਂ ਜਿਵੇਂ ਅੰਡਰ ਬ੍ਰਿਜ ਦੀ ਲੋੜ, ਲਾਈਨੋਂ ਵਾਟਰ ਵਰਕਸ ਟੈਂਕ ਦੀ ਲੋੜ, ਸਿਵਲ ਹਸਪਤਾਲ ਅਪਗ੍ਰੇਡ ਕਰਵਾਉਣਾ ਅਤੇ ਸ਼ਹਿਰ ਦੀਆਂ ਸੜਕਾਂ ਦੀ ਖਸਤਾ ਹਾਲਤ ਬਾਰੇ ਵਿਚਾਰ ਚਰਚਾ ਕੀਤੀ।ਇਸ ਸੰਬੰਧੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ 2022 ਵਿੱਚ ਸੱਤਾ ਵਿੱਚ ਆਉਂਦਾ ਹੈ ਤਾਂ ਜੈਤੋ ਦੇ ਇਹ ਕੰਮ ਪਹਿਲੇ ਇੱਕ ਮਹੀਨੇ ਵਿੱਚ ਹੀ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੈਤੋ ਦੇ ਇਲਾਕੇ ਵਿੱਚ ਦੁੱਲਟ ਖਾਨਦਾਨ ਅਤੇ ਖਾਨਦਾਨ ਦੇ ਚਿਰਾਗ ਕਰਨ ਦੁੱਲਟ ਦਾ ਵੱਡਾ ਆਧਾਰ ਹੈ ਅਤੇ ਲੋਕ ਇਸ ਖਾਨਦਾਨ ਉੱਪਰ ਵਿਸ਼ਵਾਸ ਰੱਖਦੇ ਹਨ ਕਿ ਉਹ ਹਮੇਸ਼ਾ ਲੋਕ ਹਿੱਤਾਂ ਲਈ ਖੜ੍ਹਦੇ ਆਏ ਹਨ।
ਇਸੇ ਕਾਰਨ ਹੀ ਕਰਨ ਦੁੱਲਟ ਵੱਲੋਂ ਪਿਛਲੀ ਵਾਰ ਵੀ ਆਪਣੇ ਪੱਧਰ ਉੱਪਰ ਕਾਂਊਸਲਰ ਜਿਤਾਏ ਗਏ ਸਨ। ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਗੁਰਤੇਜ ਸਿੰਘ ਭਾਟੀ ਨੇ ਜਿੱਤ ਦਾ ਸਿਹਰਾ ਲੋਕਾਂ ਸਿਰ ਬੰਨ੍ਹਦਿਆਂ ਕਿਹਾ ਕਿ ਉਹਨਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ ਗੁਰਤੇਜ ਸਿੰਘ ਭਾਟੀ, ਸੇਵਾਜੀਤ ਸਿੰਘ ਦੁੱਲਟ, ਡਾ. ਬਲਵਿੰਦਰ ਸਿੰਘ ਐੱਮ.ਸੀ, ਸਾਬਕਾ ਐੱਮ.ਸੀ ਵਿੱਕੀ ਬਿੱਲਾ, ਸਤੀਸ਼ ਕੁਮਾਰ ਆਦਿ ਹਾਜਰ ਸਨ।