ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 6 ਮਾਰਚ 2021-ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੁੰਡੇ ਹਲਾਲ ਵਿਖੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਪਹਿਲਾ ਅਜਿਹਾ ਪ੍ਰੋਜੈਕਟ ਲਗਾਇਆ ਗਿਆ ਹੈ , ਜਿੱਥੇ ਪਿੰਡ ਦੇ ਕੂੜੇ ਕਰਕਟ ਤੋਂ ਖਾਦ ਤਿਆਰ ਕੀਤੀ ਜਾਵੇਗੀ। ਪਿੰਡ ’ਚ ਇਸ ਪ੍ਰੋਜੈਕਟ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਮਨਪ੍ਰੀਤ ਸਿੰਘ ਭੱਟੀ ਤੇ ਬੀਡੀਪੀਓ ਕੁਸਮ ਅਗਰਵਾਲ ਨੇ ਕੀਤਾ । ਇਸ ਮੌਕੇ ਉਨ੍ਹਾਂ ਕਿਹਾ ਕਿ ਖੁੰਡੇ ਹਲਾਲ ਪਿੰਡ ਹੋਰਨਾਂ ਲੋਕਾਂ ਲਈ ਇਕ ਮਾਰਗਦਰਸ਼ਨ ਬਣ ਗਿਆ ਹੈ, ਕਿਉਂਕਿ ਇਸ ਪ੍ਰੋਜੈਕਟ ਨਾਲ ਪਿੰਡ ਸਾਫ ਸੁਥਰਾ ਬਣੇਗਾ ਤੇ ਸਵੱਛ ਭਾਰਤ ਮੁਹਿੰਮ ਨੂੰ ਤਕੜਾ ਹੁੰਗਾਰਾ ਮਿਲੇਗਾ ।
ਪਿੰਡ ਦੇ ਸਰਪੰਚ ਹੰਸਾ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿੰਡ ਦੇ ਇੱਕ ਹਜ਼ਾਰ ਘਰਾਂ ਲਈ 2 ਹਜ਼ਾਰ ਬਾਲਟੀਆਂ ਕੂੜਾ ਕਰਕਟ ਪਾਉਣ ਲਈ ਲਿਆਂਦੀਆਂ ਗਈਆਂ ਹਨ ਤੇ ਹਰੇਕ ਘਰ ਨੂੰ ਦੋ-ਦੋ ਬਾਲਟੀਆਂ ਹਰੇ ਤੇ ਲਾਲ ਰੰਗ ਦੀਆਂ ਦਿੱਤੀਆਂ ਗਈਆਂ ਹਨ। ਪੰਚਾਇਤ ਵੱਲੋਂ 2 ਰੇਹੜੀਆਂ ਬਣਾਈਆਂ ਗਈਆਂ ਹਨ ਤੇ ਹਰ ਰੋਜ਼ ਸਵੇਰੇ ਦੋ ਵਿਅਕਤੀ ਰੇਹੜੀਆਂ ’ਤੇ ਡਰੰਮ ਰੱਖ ਕੇ ਲੋਕਾਂ ਦੇ ਘਰਾਂ ਅੱਗੇ ਜਾਇਆ ਕਰਨਗੇ ਤਾਂ ਜੋ ਕੂੜਾ ਕਰਕਟ ਇਕੱਠਾ ਕਰਕੇ ਸਮਸ਼ਾਨਘਾਟ ਵਿਖੇ ਲਗਾਏ ਗਏ ਪ੍ਰੋਜੈਕਟ ਵਿੱਚ ਸੁੱਟਿਆ ਜਾਵੇ । ਉਨ੍ਹਾਂ ਕਿਹਾ ਕਿ ਇਸ ਕੂੜੇ ਦੀ ਖਾਦ ਤਿਆਰ ਕੀਤੀ ਜਾਵੇਗੀ ਅਤੇ ਇਹ ਖਾਦ ਵੇਚ ਕੇ ਪੰਚਾਇਤ ਦੀ ਆਮਦਨ ਵਧਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਇਹ ਕੰਮ ਪੰਚਾਇਤ ਅਤੇ ਨਰੇਗਾ ਸਕੀਮ ਵੱਲੋਂ ਰਲ ਕੇ ਨੇਪਰੇ ਚਾੜ੍ਹਿਆ ਗਿਆ ਹੈ ਤੇ ਲੱਖਾਂ ਰੁਪਏ ਖਰਚ ਹੋਇਆ ਹੈ। ਇਸ ਮੌਕੇ ਪੰਚਾਇਤ ਅਫਸਰ, ਪੰਚਾਇਤ ਸਕੱਤਰ ਦਵਿੰਦਰ ਸਿੰਘ ਬਾਗਲਾ ਤੇ ਏਪੀਓ ਨਰੇਗਾ ਤੋਂ ਇਲਾਵਾ ਸਮੁੱਚੇ ਪੰਚਾਇਤ ਮੈਂਬਰ ਮੌਜੂਦ ਸਨ ।