ਪਾਸ਼ਾ ਨੇ ਸਮਰਥਕਾਂ ਸਮੇਤ ਫੂਕਿਆ ਸਾਬਕਾ ਐਮ ਐਲ ਏ ਦਾ ਪੁਤਲਾ
ਸਰਬਜੀਤ ਸੁਖੀਜਾ, ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 6 ਮਾਰਚ 2021 - ਮੁਕਤਸਰ ਦੇ ਵਾਰਡ ਨੰਬਰ 15 ਦੇ ਕੌਂਸਲਰ ਮਨਜੀਤ ਕੌਰ ਪਾਸ਼ਾ ਦੇ ਪਤੀ ਅਤੇ ਸਾਬਕਾ ਕੌਂਸਲਰ ਪਰਮਿੰਦਰ ਪਾਸ਼ਾ ਨੇ ਸਮਰਥਕਾਂ ਸਮੇਤ ਸ਼ਨੀਵਾਰ ਨੂੰ ਬਾਬਾ ਜੀਵਨ ਸਿੰਘ ਨਗਰ ਗਲੀ ਨੰਬਰ 4 ਨੇੜੇ ਭੋਲੇ ਦੀ ਵਰਕਸ਼ਾਪ ਅਬੋਹਰ ਰੋਡ ਵਿਖੇ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਦਾ ਪੁਤਲਾ ਫੂਕਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕਰਨ ਕੌਰ ਬਰਾੜ ਅਤੇ ਕਾਂਗਰਸ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।
ਨਾਲ ਹੀ ਦੂਜੇ ਦਿਨ ਵੀ ਬੀਬੀ ਕਰਨ ਕੌਰ ਬਰਾੜ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਸਾਬਕਾ ਕੌਂਸਲਰ ਪਾਸ਼ਾ ਨੇ ਕਿਹਾ ਕਿ ਜੇਕਰ ਕਾਂਗਰਸੀ ਆਗੂ ਆਪਣੀਆਂ ਲੂੰਬੜ ਚਾਲਾਂ ਤੋਂ ਬਾਜ ਨਾਂ ਆਏ ਤਾਂ ਉਨਾਂ ਨੂੰ2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਾਰਡ ਵਾਸੀ ਸਬਕ ਸਿਖਾਉਣਗੇ। ਜਿਕਰਯੋਗ ਹੈ ਕਿ ਗੋਨਿਆਣਾ ਰੋਡ ਗਲੀ ਨੰਬਰ 5 ਸਮੇਤ ਵਾਰਡ ਦੇ ਹੋਰ ਵਿਕਾਸ ਕੰਮ ਸ਼ੁਰੂ ਨਾ ਹੋਣ ਦੇ ਰੋਸ ਵਜੋਂ ਪਾਸ਼ਾ ਬੀਤੇ ਵੀਰਵਾਰ ਦੂਲਹੇ ਵਾਂਗ ਸਿਹਰਾ ਬੰਨ ਕੇ ਨਗਰ ਕੌੰਸਲ ਮੁਹਰੇ ਪ੍ਰਦਰਸ਼ਨ ਕਰਨ ਪਹੁੰਚ ਗਏ ਸਨ। ਜਿੱਥੇ ਉਨਾਂ ਸੋਮਵਾਰ ਤੱਕ ਵਿਕਾਸ ਕੰਮ ਸ਼ੁਰੂ ਨਾ ਹੋਣ ਤੇ ਮੰਗਲਵਾਰ ਨੂੰ ਆਪਣੇ ਵਾਰਡ ਵਿੱਚ ਭੁੱਖ ਹਡਤਾਲ ਤੇ ਬੈਠ ਜਾਣ ਦੀ ਚਿਤਾਵਨੀ ਦਿੱਤੀ ਸੀ।
ਇਹੀ ਨਹੀਂ ਮੰਗਲਵਾਰ ਤੱਕ ਵਾਰਡ ਵਿੱਚ ਵੱਖ-ਵੱਖ ਥਾਵਾਂ ਤੇ ਕਰਨ ਕੌਰ ਬਰਾੜ ਦੇ ਪੁਤਲੇ ਫੂਕੇ ਜਾਣ ਦਾ ਫੈਸਲਾ ਵੀ ਕੀਤਾ ਸੀ। ਇਸੇ ਲੜੀ ਵਜੋਂ ਪਾਸ਼ਾ ਅਤੇ ਸਮਰਥਕਾਂ ਵੱਲੋਂ ਬੀਬੀ ਕਰਨ ਕੌਰ ਬਰਾੜ ਦੇ ਪੁਤਲੇ ਫੂਕੇ ਜਾਣ ਦਾ ਸਿਲਸਿਲਾ ਜਾਰੀ ਹੈ। ਮਨਜੀਤ ਕੌਰ, ਸ਼ੀਲਾ ਰਾਣੀ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਕਾਂਗਰਸੀ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਉਂਦੇ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਵਾਰਡਵਾਸੀਆਂ ਵੱਲੋਂ ਕਾਂਗਰਸੀਆਂ ਦਾ ਬਾਈਕਾਟ ਕਰ ਦਿੱਤਾ ਜਾਵੇਗਾ। ਕਿਸੇ ਵੀ ਕਾਂਗਰਸੀ ਨੂੰ ਮੁਹੱਲੇ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ।