ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 6 ਮਾਰਚ 2021-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਦੀ ਅਗਵਾਈ ’ਚ ਅੱਜ ਜ਼ਿਲਾ ਪੁਲਿਸ ਮੁਖੀ ਡੀ ਸੁਡਰਵਿਲੀ ਦੀ ਰਿਹਾਇਸ਼ ਦੇ ਬਾਹਰ ਅਕਾਲੀ ਵਰਕਰਾਂ ਨੇ ਧਰਨਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ’ਚ ਅਕਾਲੀ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਅਕਾਲੀ ਉਮੀਦਵਾਰਾਂ ਅਤੇ ਵਰਕਰਾਂ ’ਤੇ ਨਜਾਇਜ਼ ਪਰਚੇ ਕੀਤੇ ਗਏ, ਜਿੰਨਾਂ ’ਚੋਂ ਕਈਆਂ ’ਚ ਅਕਾਲੀ ਵਰਕਰਾਂ ਦੀ ਜ਼ਮਾਨਤ ਤੱਕ ਹੋ ਚੁੱਕੀ ਹੈ, ਪਰ ਹੁਣ ਜਦ ਉਨਾਂ ਵਿਧਾਨ ਸਭਾ ’ਚ ਨਜਾਇਜ਼ ਪਰਚਿਆਂ ਦਾ ਮੁੱਦਾ ਚੁੱਕਿਆ ਤਾਂ ਪੁਲਸ ਬੀਤੀ ਰਾਤ ਦੀ ਉਨਾਂ ਲੋਕਾਂ ਨੂੰ ਫੜ੍ਹ ਰਹੀ ਹੈ, ਜਿੰਨਾਂ ਦਾ ਇੰਨਾਂ ਪਰਚਿਆਂ ਨਾਲ ਦੂਰ ਦਾ ਸਬੰਧ ਨਹੀਂ। ਉਨਾਂ ਕਿਹਾ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਬੇਦੀ ਅਤੇ ਉਨਾਂ ਦੇ ਬੇਟੇ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਹਰਪਾਲ ਸਿੰਘ ਬੇਦੀ ਦੀ ਜ਼ਮਾਨਤ ਹੋ ਚੁੱਕੀ ਹੈ। ਹੁਣ ਪੁਲਸ ਬੀਤੀ ਰਾਤ ਉਨਾਂ ਦੇ ਭਰਾ, ਰਿਸ਼ਤੇਦਾਰਾਂ ਅਤੇ ਕਾਮਿਆਂ ਨੂੰ ਫੜ੍ਹ ਲਿਆਈ, ਜਿੰਨਾਂ ਦਾ ਮਾਮਲੇ ਨਾਲ ਕੋਈ ਸਬੰਧ ਨਹੀਂ।
ਇਸੇ ਤਰ੍ਹਾਂ ਅਕਾਲੀ ਕੌਂਸਲਰ ਰੁਪਿੰਦਰ ਬੱਤਰਾ ਦੇ ਪਰਿਵਾਰਕ ਮੈਂਬਰਾਂ ਅਤੇ ਟੇਕ ਚੰਦ ਬੱਤਰਾ ਦੇ ਪਰਿਵਾਰ ਨੂੰ ਕਥਿਤ ਤੌਰ ’ਤੇ ਪੁਲਿਸ ਪ੍ਰੇਸ਼ਾਨ ਕਰ ਰਹੀ ਹੈ। ਧਰਨੇ ਦੌਰਾਨ ਸੱਦਾ ਮਿਲਣ ਉਪਰੰਤ ਵਿਧਾਇਕ ਨੇ ਐਸਐਸਪੀ ਡੀ ਸੁਡਰਵਿਲੀ ਨਾਲ ਮੀਟਿੰਗ ਕਰਕੇ ਉਨਾਂ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਐਸਐਸਪੀ ਨਾਲ ਗੱਲਬਾਤ ਉਪਰੰਤ ਵਿਧਾਇਕ ਨੇ ਕਿਹਾ ਕਿ ਜੋਂ ਬੰਦੇ ਨਜਾਇਜ਼ ਤੌਰ ’ਤੇ ਫੜ੍ਹੇ ਗਏ ਹਨ, ਐਸਐਸਪੀ ਨੇ ਉਨ੍ਹਾਂ ਨੂੰ ਜਲਦੀ ਰਿਹਾਅ ਕਰਨ ਦਾ ਵਿਸ਼ਵਾਸ਼ ਦਿਵਾਇਆ, ਜਿਸ ਉਪਰੰਤ ਧਰਨਾ ਚੁੱਕਿਆ ਗਿਆ। ਇਸ ਮੌਕੇ ਥਾਣਾ ਸਿਟੀ ਦੇ ਐਸਐਚਓ ਮੋਹਨ ਲਾਲ ਨੇ ਕਿਹਾ ਕਿ ਪੁੱਛਗਿੱਛ ਲਈ ਕੁੱਝ ਵਿਅਕਤੀ ਲਿਆਂਦੇ ਗਏ ਸਨ, ਜੋ ਪੁੱਛਗਿੱਛ ਉਪਰੰਤ ਛੱਡ ਦਿੱਤੇ ਜਾਣਗੇ। ਅੱਜ ਧਰਨੇ ਦੌਰਾਨ ਵੱਡੀ ਗਿਣਤੀ ’ਚ ਅਕਾਲੀ ਵਰਕਰਾਂ ਪੁਲਸ ਪ੍ਰਸਾਸ਼ਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਧਰ ਧਰਨੇ ਉਪਰੰਤ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਥਾਣਾ ਸਿਟੀ ਪਹੁੰਚੇ, ਜਿੱਥੇ ਪੁਲਸ ਵਲੋਂ ਕਥਿਤ ਤੌਰ ਪੁੱਛਗਿੱਛ ਲਈ ਲਿਆਂਦੇ ਵਿਅਕਤੀ ਵੀ ਇਸ ਦੌਰਾਨ ਥਾਣੇ ’ਚੋਂ ਛੱਡ ਦਿੱਤੇ ਗਏ।