ਮਨਦੀਪ ਖੁਰਮੀ ਹਿੰਮਤਪੁਰਾ
ਗਲਾਸਗੋ, 6 ਮਾਰਚ 2021 - ਵੇਲਜ਼ ਵਿੱਚ 'ਵੇਲਜ਼ ਗਾਰਡਜ਼' ਦੇ ਇੱਕ ਸਾਰਜੈਂਟ ਦੀ ਗੋਲੀਬਾਰੀ ਦੇ ਅਭਿਆਸ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ ਹੈ। ਸਿਖਲਾਈ ਦੌਰਾਨ ਸੈਨਿਕ ਦੀ ਮੌਤ ਹੋਣ ਦੀ ਇਹ ਘਟਨਾ ਪੈਮਬਰੋਕਸ਼ਾਇਰ ਦੇ ਕਾਸਲਮਾਰਟਿਨ ਸਿਖਲਾਈ ਖੇਤਰ ਵਿੱਚ ਵਾਪਰੀ ਹੈ। ਇਸ ਸੰਬੰਧੀ ਸੈਨਾ ਦੇ ਇੱਕ ਬੁਲਾਰੇ ਨੇ 4 ਮਾਰਚ ਨੂੰ ਹੋਈ ਸੈਨਿਕ ਦੀ ਮੌਤ ਦੀ ਪੁਸ਼ਟੀ ਕਰਦਿਆਂ ਘਟਨਾ ਦੇ ਹਾਲਾਤਾਂ ਦੀ ਜਾਂਚ ਕਰਨ ਸੰਬੰਧੀ ਜਾਣਕਾਰੀ ਦਿੱਤੀ।
ਇਸ ਅਭਿਆਸ ਦੌਰਾਨ ਮ੍ਰਿਤਕ ਸਾਰਜੈਂਟ ਨੇ ਇਰਾਕ ਅਤੇ ਅਫਗਾਨਿਸਤਾਨ ਵਿੱਚ ਸੇਵਾ ਨਿਭਾਈ ਸੀ ਅਤੇ ਗਰਮੀਆਂ ਵਿੱੱਚ ਇਰਾਕ ਜਾਣ ਦੀ ਯੋਜਨਾਬੱਧ ਤਾਇਨਾਤੀ ਤੋਂ ਪਹਿਲਾਂ ਸਿਖਲਾਈ ਲੈ ਰਿਹਾ ਸੀ। ਇਸਦੇ ਇਲਾਵਾ ਇਸ ਸਿਪਾਹੀ ਨੂੰ ਸਾਲ 2019 ਵਿੱਚ ਵੇਲਜ਼ ਗਾਰਡਜ਼ ਦੇ ਕਰਨਲ ਅਤੇ ਪ੍ਰਿੰਸ ਆਫ ਵੇਲਜ਼ ਦੁਆਰਾ ਇੱਕ ਲੰਮੀ ਸੇਵਾ ਅਤੇ ਚੰਗੇ ਆਚਰਣ ਕਰਕੇ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਰੱਖਿਆ ਮੰਤਰਾਲੇ ਦੀ ਵੈਬਸਾਈਟ ਦੇ ਅਨੁਸਾਰ, ਵੈਲਜ਼ ਗਾਰਡ ਆਪਣੀਆਂ ਸੇਵਾਵਾਂ ਦੌਰਾਨ ਦੋਹਰੀ ਭੂਮਿਕਾ ਵਜੋਂ "ਲਾਈਟ ਰੋਲ ਇਨਫੈਂਟਰੀ" ਅਤੇ ਨਾਲ ਹੀ ਵਿਸ਼ਵ ਪੱਧਰੀ ਫੌਜ ਤਹਿਤ ਸ਼ਾਹੀ ਪਰਿਵਾਰ ਦੀ ਰਾਖੀ ਕਰਦੇ ਹਨ।