ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 6 ਮਾਰਚ 2021-ਸਥਾਨਕ ਜਲਾਲਾਬਾਦ ਰੋਡ ਦੇ ਫ਼ਾਟਕ ਨੰਬਰ 30-ਬੀ ’ਤੇ ਨਿਰਮਾਣ ਅਧੀਨ ਓਵਰਬਿ੍ਰਜ਼ ਦੇ ਜਾਇਜ਼ੇ ਲਈ ਅੱਜ ਚੰਡੀਗੜ੍ਹ ਤੋਂ ਬੀ ਐਂਡ ਆਰ ਦੇ ਚੀਫ਼ ਇੰਜਨੀਅਰ ਪਰਮਜੀਤ ਗੋਇਲ ਰੇਲਵੇ ਸਟੇਸ਼ਨ ਪੁੱਜੇ, ਜਿੱਥੇ ਉਨ੍ਹਾਂ ਨਿਰਮਾਣ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਪੀਏ ਪੁਸ਼ਪਿੰਦਰ ਸਿੰਘ ਭੰਡਾਰੀ, ਪਾਰਸ਼ਦ ਸ਼ੰਮੀ ਤੇਰੀਆ, ਸਮਾਜਸੇਵੀ ਅਜੇ ਜੱਗਾ ਵੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਓਵਰਬਿ੍ਰਜ਼ ਦੇ ਚੱਲ ਰਹੇ ਨਿਰਮਾਣ ਕੰਮਾਂ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਜੁਲਾਈ ਮਹੀਨੇ ਤੱਕ ਪੁਲ ਦੇ ਨਿਰਮਾਣ ਕੰਮ ਪੂਰਾ ਕਰ ਲਿਆ ਜਾਵੇਗਾ। ਚੀਫ਼ ਇੰਜਨੀਅਰ ਨੇ ਕਿਹਾ ਕਿ ਉਹ ਨਿਰਮਾਣ ਕੰਮਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਰਹਿੰਦੀ ਬਕਾਇਆ ਰਾਸ਼ੀ ਦਾ ਐਸਟੀਮੇਟ ਬਣਾਕੇ ਭੇਜਣਗੇ ਤੇ ਬਕਾਇਆ ਰਾਸ਼ੀ ਨੂੰ ਜਲਦੀ ਰਿਲੀਜ਼ ਵੀ ਕਰਾਉਣਗੇ। ਉਨ੍ਹਾਂ ਅਧਿਕਾਰੀਆਂ ਨੂੰ ਇਸ ਲਈ ਨਿਰਦੇਸ਼ ਵੀ ਜਾਰੀ ਕੀਤੇ। ਵਰਣਨਯੋਗ ਹੈ ਕਿ ਉਕਤ ਓਵਰਬਿ੍ਰਜ਼ ਦਾ ਕੰਮ ਬਹੁਤ ਸੁਸਤ ਰਫ਼ਤਾਰ ਚੱਲ ਰਿਹਾ ਹੈ, ਜਿਸ ਕਰਕੇ ਇਸ ਖੇਤਰ ਦੇ ਲੋਕਾਂ ਤੇ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਜਦੋਂ ਜਨਵਰੀ 2019 ਵਿਚ ਓਵਰਬਿ੍ਰਜ਼ ਦਾ ਭੂਮੀ ਪੂਜਨ ਕੀਤਾ ਸੀ ਤਾਂ ਉਦੋਂ ਉਨ੍ਹਾਂ ਭਰੋਸਾ ਦਿੱਤਾ ਸੀ ਕਿ 15 ਮਹੀਨਿਆਂ ਵਿਚ ਓਵਰਬਿ੍ਰਜ਼ ਦਾ ਨਿਰਮਾਣ ਕੰਮ ਪੂਰਾ ਹੋ ਜਾਵੇਗਾ, ਪਰ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਹੋਣ ’ਤੇ ਵੀ ਅਜੇ ਤੱਕ ਓਵਰਬਿ੍ਰਜ਼ ਦਾ ਨਿਰਮਾਣ ਕੰਮ ਪੂਰਾ ਨਹੀਂ ਹੋਇਆ ਹੈ। ਓਵਰਬਿ੍ਰਜ਼ ਦੇ ਨਿਰਮਾਣ ’ਚ ਲਗਾਤਾਰ ਰੁਕਾਵਟਾਂ ਆ ਰਹੀਆਂ ਹਨ, ਜਦੋਂ ਇਸ ਬਾਰੇ ਚੀਫ਼ ਇੰਜਨੀਅਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਗੱਲ ਨੂੰ ਟਾਲਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ, ਇਸ ਤੋਂ ਬਾਅਦ ਉਹ ਫ਼ਿਰ ਆਉਣਗੇ ਤੇ ਜੋ ਕਮੀਆਂ ਰਹਿੰਦੀਆਂ ਹਨ, ਉਹ ਦੂਰ ਕਰ ਦਿੱਤੀਆਂ ਜਾਣਗੀਆਂ।