- ਕਿਸਾਨ-ਮੋਰਚਿਆਂ 'ਚ 'ਕੌਮਾਂਤਰੀ ਔਰਤ ਦਿਵਸ' ਮੌਕੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਦਿਆਂ ਕੇਂਦਰ-ਸਰਕਾਰ ਖ਼ਿਲਾਫ਼ ਰੋਹ-ਪ੍ਰਗਟਾਉਣਗੀਆਂ ਕਿਸਾਨ-ਔਰਤਾਂ
ਚੰਡੀਗੜ੍ਹ, 6 ਮਾਰਚ 2021 - ਸੰਯੁਕਤ ਕਿਸਾਨ ਮੋਰਚੇ ਵੱਲੋਂ 'ਦੇਸ਼-ਵਿਆਪੀ ਕਾਲਾ ਦਿਵਸ' ਦੇ ਸੱਦੇ ਮੌਕੇ ਪੰਜਾਬ ਭਰ 'ਚ 68 ਥਾਵਾਂ(ਟੋਲ-ਪਲਾਜ਼ਿਆਂ, ਰਿਲਾਇੰਸ-ਪੰਪਾਂ, ਰੇਲਵੇ-ਪਾਰਕਾਂਂ ) 'ਤੇ ਚਲਦੇ 32 ਕਿਸਾਨ-ਜਥੇਬੰਦੀਆਂ ਦੇ ਪੱਕੇ-ਧਰਨਿਆਂ 'ਚ ਭਰਵਾਂ ਹੁੰਗਾਰਾ ਮਿਲਿਆ। ਕਿਸਾਨਾਂ ਵੱਲੋਂ ਕਾਲੀਆਂ-ਪੱਗਾਂ, ਪੱਟੀਆਂ ਬੰਨ੍ਹਦਿਆਂ ਅਤੇ ਔਰਤਾਂ ਵੱਲੋਂ ਕਾਲੀਆਂ ਚੁੰਨ੍ਹੀਆਂ ਨਾਲ ਕੇਂਦਰ-ਸਰਕਾਰ ਖ਼ਿਲਾਫ਼ ਰੋਸ-ਪ੍ਰਗਟਾਵਾ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਚਲਦੇ ਕਿਸਾਨ-ਅੰਦੋਲਨ ਨੂੰ 100 ਦਿਨ ਬੀਤ ਜਾਣ ਦੇ ਬਾਵਜੂਦ ਕੇਂਦਰ-ਸਰਕਾਰ ਨੇ ਬੇਰੁਖੀ ਧਾਰੀ ਹੋਈ ਹੈ। ਭਾਵੇਂਕਿ ਕੌਮਾਂਤਰੀ ਪੱਧਰ 'ਤੇ ਉੱਠੀਆਂ ਆਵਾਜ਼ਾਂ ਕਾਰਨ ਸਰਕਾਰ ਦਬਾਅ ਹੇਠ ਹੈ, ਪਰ ਕਾਰਪੋਰੇਟ-ਘਰਾਣਿਆਂ ਅਤੇ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਦੇ ਦਬਾਅ ਕਾਰਨ ਕਾਨੂੰਨ ਰੱਦ ਕਰਨ ਤੋਂ ਟਾਲਾ ਵੱਟ ਰਹੀ ਹੈ, ਪਰ ਇਤਿਹਾਸਕ-ਅੰਦੋਲਨ ਦੀ ਤਾਕਤ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦੇਵੇਗੀ ਅਤੇ ਸਰਕਾਰ ਨੂੰ 3 ਖੇਤੀ ਕਾਨੂੰਨਾਂ ਸਮੇਤ ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਦਿਆਂ ਕਿਸਾਨਾਂ 'ਤੇ ਪਾਏ ਝੂਠੇ ਕੇਸ ਵੀ ਰੱਦ ਕਰਨੇ ਪੈਣਗੇ।
ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ 'ਚ ਚਲਦੇ ਕਿਸਾਨ-ਮੋਰਚਿਆਂ 'ਚ 8 ਮਾਰਚ ਨੂੰ ਕਿਸਾਨ-ਔਰਤਾਂ 'ਕੌਮਾਂਤਰੀ ਔਰਤ ਦਿਵਸ' ਮੌਕੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਦਿਆਂ ਕੇਂਦਰ-ਸਰਕਾਰ ਖ਼ਿਲਾਫ਼ ਰੋਸ-ਪ੍ਰਗਟਾਵਾ ਕਰਨਗੀਆਂ।