ਅਸ਼ੋਕ ਵਰਮਾ
ਨਵੀਂ ਦਿੱਲੀ, 6 ਮਾਰਚ 2021: ਦਿੱਲੀ ਦੀਆ ਬਰੂੰਹਾਂ ਤੇ 100 ਦਿਨ ਪੂਰੇ ਹੋਣ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਘੇਰਨ ਦੇ ਦਿੱਤੇ ਪ੍ਰੋਗਰਾਮ ਮੁਤਾਬਕ ਅੱਜ ਕੇ ਐਮਪੀ ਰੋਡ ਮਾਨਾਸਰ ਟੋਲ ਪਲਾਜੇ ਤੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ 11 ਵਜੇ ਤੋਂ 4 ਵਜੇ ਤੱਕ ਸੜਕ ਜਾਮ ਲਗਇਆ ਗਿਆ । ਜਾਮ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਸਾਡੇ ਅੰਦੋਲਨ ਨੂੰ ਅਣਗੋਲਿਆ ਕਰਕੇ ਭੁਲੇਖਾ ਪਾਲ ਰਹੀ ਹੈ ਕਿ ਅੰਦੋਲਨਕਾਰੀ ਅੰਦੋਲਨ ਨੂੰ ਛੱਡ ਕੇ ਘਰਾਂ ਨੂੰ ਪਰਤ ਜਾਣਗੇ । 100 ਦਿਨਾਂ ਤੋਂ ਦਿੱਲੀ ਬਾਰਡਰ ਤੇ ਚੱਲ ਰਿਹਾ ਸਾਂਤਮਈ ਕਿਸਾਨ ਮੋਰਚਾ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਜਾਰੀ ਰਹੇਗਾ ।
ਉਹਨਾਂ ਕਿਹਾ ਕਿ ਇਹ ਲੜਾਈ ਮੋਦੀ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸੰਸਾਰ ਭਰ ਦੀਆ ਸਾਮਰਾਜੀ ਤਾਕਤਾਂ ਵਿਸ਼ਵ ਵਪਾਰ ਸੰਸਥਾ ,ਵਿਦੇਸ਼ੀ ਮੁਦਰਾ ਕੋਸ ਅਤੇ ਸੰਸਾਰ ਬੈਂਕ ਦੀਆਂ ਲੋਕ ਵਿਰੋਧੀ ਨੀਤੀਆਂ ਨਾਲ ਹੈ । ਇਹ ਲੜਾਈ ਲੰਬੀ ਹੈ ਸਬਰ ਅਤੇ ਵਿਸਾਲ ਏਕੇ ਨਾਲ ਲੜਨ ਦੀ ਲੋੜ ਹੈ ।ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੋਗੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਜੋ ਭੁਲੇਖੇ ਪਾਲ ਰਹੀ ਹੈ ਕਿ ਹਾੜੀ ਦੇ ਕੰਮ ਦੇ ਜ਼ੋਰ ਕਾਰਨ ਅੰਦੋਲਨਕਾਰੀ ਵਾਪਸ ਘਰ ਨੂੰ ਪਰਤ ਜਾਣਗੇ । ਉਹਨਾਂ ਕਿਹਾ ਕਿ ਇਹ ਜੋ ਖੇਤੀ ਨੂੰ ਪ੍ਰਰਾਈਵੇਟ ਕਰਨ ਦੇ ਹਮਲੇ ਆਏ ਹਨ ਇਸ ਕਾਨੂੰਨਾ ਤੋ ਪਹਿਲਾ ਸਾਡੇ ਬਿਜਲੀ ਬੋਰਡ , ਹਸਪਤਾਲ , ਸਕੂਲ ਨੂੰ ਪ੍ਰਾਈਵੇਟ ਕਰਨ ਦੇ ਹਮਲੇ ਆਏ ਹਨ ਭਾਵੇਂ ਕਾਨੂੰਨਾ ਦੇ ਮੁਕਾਬਲੇ ਅੰਸਕ ਲੜਾਈ ਸੀ ਪਰ ਹੁਣ ਲੋਕ ਸਮਝ ਚੁੱਕੇ ਹਨ ਕਿ ਇਹ ਸਾਡੇ ਬੁਨਿਆਦ ਦੀ ਲੜਾਈ ਹੈ ।
ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਅੱਜ ਸੜਕ ਜਾਮ ਤੋਂ ਬਾਅਦ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ 8ਮਾਰਚ ਨੂੰ ਸੰਯੁਕਤ ਮੋਰਚੇ ਵੱਲੋਂ ਕੌਮਾਂਤਰੀ ਔਰਤ ਦਿਵਸ ਤੇ ਦਿੱਲੀ ਦੀਆ ਬਰੂਹਾ ਤੇ ਔਰਤਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ । ਉਹਨਾਂ ਨੇ ਸੁਨੇਹਾ ਦਿੰਦੇ ਕਿਹਾ ਜਿੱਥੇ ਪੰਜਾਬ ਦੀਆ ਔਰਤਾਂ ਵੱਲੋਂ ਭਾਰੀ ਗਿਣਤੀ ਵਿੱਚ ਦਿੱਲੀ ਪਹੁੰਚਣੀਆਂ ਉੱਥੇ ਦੂਜੇ ਰਾਜਾਂ ਦੀਆਂ ਔਰਤਾਂ ਦੀ ਵੱਧ ਤੋਂ ਵੱਧ ਗਿਣਤੀ ਵਿੱਚ 8ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤਾਂ ਜੋ ਮੋਦੀ ਸਰਕਾਰ ਨੂੰ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ ਅਤੇ ਸਾਰੇ ਰਾਜਾਂ ਵਿੱਚ ਐੱਮਐੱਸਪੀ ਲਾਗੂ ਕਰਨ ਦੀ ਸੰਵਿਧਾਨਕ ਗਾਰੰਟੀ ਕਰਨ ਲਈ ਮਜਬੂਰ ਕਰੀਏ । ਅੱਜ ਦੇ ਇਕੱਠ ਨੂੰ ਜੋਗਿੰਦਰ ਸਿੰਘ ਦਿਆਲਪੁਰਾ , ਅਮਰੀਕ ਸਿੰਘ ਗੰਡੂਆ, ਸੋਨੂੰ ਪੂਣੀਆਂ ਬਹਾਦਰਗੜ,ਜਗਸੀਰ ਸਿੰਘ ਝੱਜਰ , ਈਸ਼ਵਰ ਕੰਡੇਲਾ , ਆਤਮਾ ਰਾਮ ਝਰੋਡ ਨੇ ਸੰਬੋਧਨ ਕੀਤਾ।