ਅਸ਼ੋਕ ਵਰਮਾ
ਬਠਿੰਡਾ, 6 ਮਾਰਚ 2021 - ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ 8 ਮਾਰਚ ਨੂੰ ਦਿੱਤੇ ਜਾ ਰਹੇ ਧਰਨਿਆਂ ਦੌਰਾਨ ਵੱਡੀ ਗਿਣਤੀ ’ਚ ਔਰਤਾਂ ਸ਼ਾਮਲ ਹੋਣਗੀਆਂ। ਇਸਤਰੀ ਵਿੰਗ ਦੀ ਪ੍ਰਮੁੱਖ ਸਲਾਹਕਾਰ ਡਾ ਅਮਰਜੀਤ ਕੌਰ ਕੋਟਫੱਤਾ ਨੇ ਅੱਜ ਏਥੇ ਆਖਿਆ ਕਿ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫੀ ਖਿਲਾਫ਼ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ 8 ਮਾਰਚ ਨੂੰ ਧਰਨਾ ਦਿੱਤਾ ਜਾਏਗਾ ਜਿਸ ’ਚ ਸ਼ਮੂਲੀਅਤ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪਾਰਟੀ ਵਰਕਰਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹਲਕਾ ਦਿਹਾਤੀ ਦੇ ਦੌਰੇ ਉਪਰੰਤ ਉਨ੍ਹਾਂ ਦੱਸਿਆ ਕਿ ਪੈਟਰੋਲ, ਡੀਜ਼ਲ ਰਸ਼ੋਈ ਗੈਸ, ਅਤੇ ਹੋਰ ਜਰੂਰੀ ਵਸਤਾਂ ਦੀ ਲੱਕ ਤੋੜਵੀਂ ਮਹਿੰਗਾਈ ਦੇ ਖਿਲਾਫ਼ ਆਮ ਲੋਕਾਂ ਵਿੱਚ ਭਾਰੀ ਰੋਸ ਹੈ । ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਕਮਰਕਸੇ ਕਸ ਲੈਣÎ ਕਿਉਂਕਿ ਹਰ ਵਰਗ ਕੈਪਟਨ ਸਰਕਾਰ ਤੋਂ ਤੰਗ ਆ ਚੁੱਕਿਆ ਹੈ।
ਓਧਰ ਬਠਿੰਡਾ ਦਿਹਾਤੀ ਹਲਕੇ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ਵੀ ਦਿਹਾਤੀ ਹਲਕੇ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਧਰਨਿਆਂ ’ਚ ਪੂਰੇ ਜੋਸ਼ੋ ਖਰੋਸ਼ ਨਾਲ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਇਸ ਸਰਕਾਰ ਦੇ ਰਾਜ ‘ਚ ਲੋਕਾਂ ਦੇ ‘ਅੱਛੇ ਦਿਨ ਆਉਣਾ’ ਤਾਂ ਦੂਰ ਬਲਕਿ ਡੀਜ਼ਲ, ਪੈਟਰੋਲ ਦੀ ਬਦੌਲਤ ਹੋ ਰਿਹਾ ਜ਼ਰੂਰੀ ਵਸਤਾਂ ਦੇ ਭਾਅ ਵਿਚ ਵਾਧਾ ਦੇਖੀਏ ਤਾਂ ਇਸ ਨਾਲ ਆਮ ਆਦਮੀ ਦੇ ਬੁਰੇ ਦਿਨਾਂ ਦੀ ਇੰਤਹਾ ਕਹੀ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਮਹਿੰਗਾਈ ਨੂੰ ਰੋਕਣ ਲਈ ਕੈਪਟਨ ਸਰਕਾਰ ਨੇ ਵੀ ਕੋਈ ਠੋਸ ਪ੍ਰੋਗਰਾਮ ਨਹੀਂ ਲਿਆਂਦਾ ਸਗੋਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ‘ਚ ਲੱਗੀ ਹੋਈ ਹੈ ਜਿਸ ਨੇ ਗਰੀਬ ਆਦਮੀ ਨੂੰ ਤਾਂ ਇੱਕ ਪਾਸੇ ਮੱਧਵਰਗੀਆਂ ਨੂੰ ਵੀ ਡੰਗ ਮਾਰਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰਾਂ ਧਨਾਢ ਘਰਾਣਿਆਂ ਦੀਆਂ ਕਠਪੁਤਲੀ ਬਣ ਕੇ ਰਹਿ ਗਈਆਂ ਹਨ ਤੇ ਉਨ੍ਹਾਂ ਦੇ ਇਸ਼ਾਰੇ ‘ਤੇ ਵਾਰ ਵਾਰ ਤੇਲ ਕੀਮਤਾਂ ਵਧਾ ਕੇ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਿਬ ਹੱਥਾਂ ਵਿੱਚ ਲੈ ਕੇ ਚਾਰ ਹਫਤਿਆਂ ਵਿੱਚ ਨਸ਼ੇ ਖਤਮ ਕਰਨ , ਕਿਸਾਨਾਂ ਦੇ ਆੜ੍ਹਤੀਆਂ ਸਮੇਤ ਸਮੁੱਚੇ ਕਰਜੇ ਮੁਆਫ ਕਰਨ, ਸ਼ਗਨ ਸ਼ਕੀਮ 51 ਹਜਾਰ ਕਰਨ ,2500/ ਰੁਪੈ ਬੇਰੁਜਗਾਰੀ ਭੱਤਾ ਅਤੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਕੀਤੇ ਸੀ ਪਰ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ । ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਮਹਿੰਗਾਈ, ਰਿਸ਼ਵਤਖੋਰੀ ਅਤੇ ਗੁੰਡਾਗਰਦੀ ਦੀ ਚੱਕੀ ਵਿੱਚ ਪਿਸ ਰਹੇ ਹਨ ਜਿਸ ਦਾ ਹਿਸਾਬ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਮੰਗਿਆ ਜਾਏਗਾ।