ਬਰਨਾਲਾ, 7 ਮਾਰਚ 2021 - ਕੌਮਾਂਤਰੀ ਔਰਤ ਦਿਵਸ ਮੌਕੇ ਜਿਲ੍ਹਾ ਬਰਨਾਲਾ ਦੇ ਸਰਕਾਰੀ ਸਕੂਲਾਂ ਵਿੱਚ ਬਤੌਰ ਪ੍ਰਿੰਸੀਪਲ, ਹੈਡਮਿਸਟ੍ਰੈਸ ਅਤੇ ਮਿਸਟ੍ਰੈਸ ਸੇਵਾਵਾਂ ਨਿਭਾਅ ਰਹੀਆਂ ਤਿੰਨ ਅਧਿਆਪਕਾਵਾਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ।ਜਿਲ੍ਹਾ ਪ੍ਰੋਗਰਾਮ ਅਫ਼ਸਰ ਬਰਨਾਲਾ ਦੇ ਪੱਤਰ ਅਨੁਸਾਰ ਸ੍ਰੀਮਤੀ ਇਕਬਾਲ ਕੌਰ ਉਦਾਸੀ ਪ੍ਰਿੰਸੀਪਲ ਸ਼ਹੀਦ ਬੁੱਧੂ ਖਾਂ ਸੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਸ਼ਹਿਣਾ,ਸ੍ਰੀਮਤੀ ਸੁਰੇਸ਼ਟਾ ਸ਼ਰਮਾ ਹੈਡਮਿਸਟ੍ਰੈਸ ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨੈਣੇਵਾਲ ਅਤੇ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੇ ਅੰਗਰੇਜ਼ੀ ਮਿਸਟ੍ਰੈਸ ਸ੍ਰੀਮਤੀ ਭੁਪਿੰਦਰ ਕੌਰ ਨੂੰ ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਜਾਵੇਗਾ।
ਲੋਕ ਕਵੀ ਸੰਤ ਰਾਮ ਉਦਾਸੀ ਦੀ ਬੇਟੀ ਸ੍ਰੀਮਤੀ ਇਕਬਾਲ ਕੌਰ ਵੱਲੋਂ ਸਕੂਲ ਵਿੱਚ ਵਿਦਿਆਰਥੀਆਂ ਲਈ ਬੁਨਿਆਦੀ ਸਹੂਲਤਾਂ ਅਤੇ ਪੜ੍ਹਾਉਣ ਦੀਆਂ ਆਧੁਨਿਕ ਸਹੂਲਤਾਂ ਦੀ ਉਪਲਬਧਤਾ ਨਾਲ ਸਕੂਲ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।ਸਕੂਲ ਦਾ ਵਿੱਦਿਅਕ ਪੱਧਰ ਮੁਕਾਮੀ ਸਕੂਲਾਂ ਨੂੰ ਟੱਕਰ ਦੇਣ ਲੱਗਿਆ ਹੈ। ਸ੍ਰੀਮਤੀ ਸੁਰੇਸ਼ਟਾ ਸ਼ਰਮਾ ਵੱਲੋਂ ਬਤੌਰ ਸਕੂਲ ਮੁਖੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਦੀ ਕਾਇਆ ਕਲਪ ਕੀਤੀ ਗਈ ਹੈ।ਸਕੂਲ ਵਿੱਚ ਸ਼ਾਨਦਾਰ ਅੰਗਰੇਜ਼ੀ ਪ੍ਰਯੋਗਸ਼ਾਲਾ,ਕੰਪਿਊਟਰ ਲੈਬ ਅਤੇ ਵਿਗਿਆਨ ਲੈਬ ਦੀ ਸਥਾਪਨਾ ਦੇ ਨਾਲ ਨਾਲ ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਦੇ ਵਿਕਾਸ ਲਈ ਲਾਇਬ੍ਰੇਰੀ ਅਤੇ ਆਧੁਨਿਕ ਤਕਨੀਕ ਨਾਲ ਪੜ੍ਹਾਈ ਲਈ ਸਮਾਰਟ ਕਲਾਸ ਰੂਮ ਦੀ ਸਥਾਪਨਾ ਕੀਤੀ ਗਈ ਹੈ। ਸ੍ਰੀਮਤੀ ਭੁਪਿੰਦਰ ਕੌਰ ਬਤੌਰ ਅੰਗਰੇਜ਼ੀ ਅਧਿਆਪਕਾ ਹਰ ਸਮੇਂ ਵਿਦਿਆਰਥੀਆਂ ਦੀ ਬਿਹਤਰੀ ਲਈ ਤਤਪਰ ਰਹਿੰਦੇ ਹਨ।
ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵੱਲੋਂ ਸਨਮਾਨਿਤ ਹੋਣ ਵਾਲੀਆਂ ਤਿੰਨੇ ਅਧਿਆਪਕਾਵਾਂ ਨੂੰ ਮੁਬਾਰਕਬਾਦ ਦਿੰਦਿਆਂ ਉਹਨਾਂ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਤਾਰੀਫ਼ ਕੀਤੀ ਗਈ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਤਿੰਨੇ ਅਧਿਆਪਕਾਵਾਂ ਵੱਲੋਂ ਕੋਰੋਨਾ ਕਾਲ ਦੇ ਸਮੇ ਸਕੂਲਾਂ ਦੀ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਿਹਤ ਸੰਭਾਲ ਪ੍ਰਤੀ ਕੀਤੇ ਕਾਰਜ਼ਾਂ ਨਾਲ ਸਿੱਖਿਆ ਵਿਭਾਗ ਦੇ ਮਾਣ ਵਿੱਚ ਇਜ਼ਾਫਾ ਹੋਇਆ ਹੈ।ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਅਧਿਆਪਕਾਵਾਂ ਵੱਲੋਂ ਕੀਤੇ ਜਾ ਰਹੇ ਕਾਰਜ਼ ਵਿਦਿਆਰਥਣਾਂ ਲਈ ਪ੍ਰੇਰਨਾ ਸ੍ਰੋਤ ਹਨ।
ਡਾ.ਰਵਿੰਦਰਪਾਲ ਪ੍ਰਿੰਸੀਪਲ ਜਿਲ੍ਹਾ ਮੈਂਟਰ ਸਮਾਰਟ ਸਕੂਲ, ਸ੍ਰੀ ਰਾਕੇਸ਼ ਕੁਮਾਰ ਪ੍ਰਿੰਸੀਪਲ ਜਿਲ੍ਹਾ ਮੈਂਟਰ ਫਿਜਿਕਸ,ਸ੍ਰੀ ਹਰੀਸ਼ ਬਾਂਸਲ ਪ੍ਰਿੰਸੀਪਲ ਜਿਲ੍ਹਾ ਮੈਂਟਰ ਵਿਗਿਆਨ,ਸ੍ਰ ਅਮਨਿੰਦਰ ਸਿੰਘ ਜਿਲ੍ਹਾ ਮੈਂਟਰ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ, ਸ੍ਰੀ ਕਮਲਦੀਪ ਜਿਲ੍ਹਾ ਮੈਂਟਰ ਗਣਿਤ,ਸ੍ਰ ਕੁਲਦੀਪ ਸਿੰਘ ਹੈਡਮਾਸਟਰ ਮਹਿਲ ਖੁਰਦ,ਸ੍ਰ ਸਿਮਰਦੀਪ ਸਿੰਘ ਜਿਲ੍ਹਾ ਮੈਂਟਰ ਖੇਡਾਂ ਅਤੇ ਸ੍ਰ ਬਿੰਦਰ ਸਿੰਘ ਖੁੱਡੀ ਕਲਾਂਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਸਮੇਤ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਹੈਡਮਾਸਟਰਾਂ ਅਤੇ ਅਧਿਆਪਕਾਂ ਵੱਲੋਂ ਵੀ ਸਨਮਾਨਿਤ ਹੋਣ ਵਾਲੀਆਂ ਸਖਸੀਅਤਾਂ ਨੂੰ ਮੁਬਾਰਕਬਾਦ ਦਿੱਤੀ ਗਈ।