ਕਮਲਜੀਤ ਸਿੰਘ ਸੰਧੂ
ਬਰਨਾਲਾ, 7 ਮਾਰਚ 2021: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਅੱਠ ਮਾਰਚ ਨੂੰ ਦਿੱਲੀ ਵਿਖੇ ਔਰਤ ਦਿਵਸ ਵਿੱਚ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸ਼ਾਮਲ ਹੋਣ ਲਈ ਅੱਜ ਬਰਨਾਲਾ ਜ਼ਿਲ੍ਹੇ ਵਿੱਚੋਂ ਔਰਤਾਂ ਦੇ ਵੱਡੇ ਕਾਫਲੇ ਦਿੱਲੀ ਲਈ ਰਵਾਨਾ ਹੋਏ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ 11 ਬੱਸਾਂ ਵਿੱਚ ਸਵਾਰ ਹੋ ਕੇ ਸੈਂਕੜੇ ਔਰਤਾਂ ਦਿੱਲੀ ਲਈ ਰਵਾਨਾ ਹੋਈਆਂ।
ਇਸ ਮੌਕੇ ਦਿੱਲੀ ਜਾਣ ਵਾਲੀਆਂ ਔਰਤਾਂ ਨੇ ਕਿਹਾ ਕਿ ਉਹ ਔਰਤ ਦਿਵਸ ਦਿੱਲੀ ਜਾ ਰਹੀਆਂ ਹਨ। ਲੱਖਾਂ ਔਰਤਾਂ ਦਾ ਇਕੱਠ ਦੇਖ ਕੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਤੋਂ ਵੱਧ ਔਰਤਾਂ ਦੇ ਹੌਂਸਲੇ ਬੁਲੰਦ ਹਨ। ਜਿੰਨਾਂ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਕਣਕ ਦੀ ਫ਼ਸਲ ਦੀ ਵਾਢੀ ਮੌਕੇ ਉਹ ਦਿੱਲੀ ਵਿਖੇ ਮੋਰਚੇ ਵੀ ਸੰਭਾਲਣਗੀਆਂ। ਕਿਉਂਕਿ ਕਿਸਾਨ ਫ਼ਸਲਾਂ ਦੀ ਸੰਭਾਲ ਲਈ ਪਿੰਡ ਪਰਤਣਗੇ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ 11 ਬੱਸਾਂ ਰਾਹੀਂ ਸੈਂਕੜੇ ਔਰਤਾਂ ਦਿੱਲੀ ਨੁੰ ਔਰਤ ਦਿਵਸ ਮਨਾਉਣ ਰਵਾਨਾ ਹੋਈਆਂ ਹਨ। ਔਰਤਾਂ ਵਿੱਚ ਇਸ ਕਿਸਾਨੀ ਸੰਘਰਸ਼ ਨੇ ਵੱਡੀ ਜਾਗਰੂਕਤਾ ਲਿਆਂਦੀ ਹੈ। ਹੁਣ ਤੱਕ ਇਸ ਸੰਘਰਸ਼ ਦਰਮਿਆਨ ਵੀ ਔਰਤਾਂ ਦੀ ਵੱਡਾ ਅਹਿਮ ਰੋਲ ਰਿਹਾ ਹੈ। ਦਿੱਲੀ ਵਿਖੇ ਔਰਤ ਦਿਵਸ ਮੌਕੇ ਔਰਤਾਂ ਦਾ ਵੱਡਾ ਇਕੱਠ ਦੇਖ ਕੇ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ।