ਪਟਿਆਲਾ, 7 ਮਾਰਚ 2021 - ਭਾਰਤ ਦੀਆਂ ਪੁਰਾਤਨ ਰਿਆਸਤਾਂ ਦੇ ਇਤਿਹਾਸ ਨੂੰ ਨਿਵੇਕਲੇ ਢੰਗ ਨਾਲ ਕਲਮਬੱਧ ਕਰ ਚੁਕੇ ਪ੍ਰਸਿੱਧ ਸਾਹਿਤਕਾਰ ਅਤੇ ਖੇਡ ਲੇਖਕ ਜਗਮੋਹਨ ਸਿੰਘ ਲੱਕੀ ਦੀ ਮਾਤਾ ਜੀ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਮਾਤਾ ਜੀ ਨਮਿਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱੱਜ ਗੁਰਦੁਆਰਾ ਕਲਗੀਧਰ ਫੇਜ਼ 3, ਅਰਬਨ ਅਸਟੇਟ ਪਟਿਆਲਾ ਵਿਖੇ ਸ਼ਰਧਾ ਨਾਲ ਪਾਏ ਗਏ। ਇਸ ਮੌਕੇ ਵੱਖ- ਵੱਖ ਧਾਰਮਿਕ, ਸਾਹਿਤਕ, ਸਿਆਸੀ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਅਤੇ ਹਾਜ਼ਰ ਸੰਗਤ ਵਲੋਂ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਦੇ ਮਾਤਾ ਜੀ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿਤੀ ਗਈ ਅਤੇ ਮਾਤਾ ਜੀ ਵਲੋਂ ਜਿੰਦਗੀ ਭਰ ਕੀਤੀ ਗਈ ਬੰਦਗੀ, ਸਮਾਜ ਸੇਵਾ ਦੇ ਪੱਖਾਂ ਉਪਰ ਰੋਸ਼ਣੀ ਪਾਈ ਗਈ।
ਇਸ ਮੌਕੇ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਵਲੋਂ ਆਪਣੇ ਮਾਤਾ ਜੀ ਦੀ ਯਾਦ ਵਿੱਚ ਵੱਖ- ਵੱਖ ਕਿਸਮਾਂ ਦੇ ਇਕ ਦਰਜਨ ਪੌਦੇ ਲਗਾਏ ਗਏ । ਇਸ ਮੌਕੇ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੇ ਮਾਤਾ ਜੀ ਨੇ ਆਪਣੀ 84 ਸਾਲ ਦੀ ਉਮਰ ਬਤੀਤ ਕਰਦਿਆਂ ਵੱਖ- ਵੱਖ ਥਾਵਾਂ ’ਤੇ ਸੈਂਕੜੇ ਪੌਦੇ ਲਗਾਏ ਅਤੇ ਵਾਤਾਵਰਨ ਦੀ ਸ਼ੁੱਧਤਾ ਲਹਿਰ ਵਿੱਚ ਉਘਾ ਯੋਗਦਾਨ ਪਾਇਆ। ਆਪਣੇ ਮਾਤਾ- ਪਿਤਾ ਜੀ ਦੇ ਨਕਸ਼ੇ ਕਦਮਾਂ ਉਪਰ ਚਲਦਿਆਂ ਅੱਜ ਉਹਨਾਂ ਵਲੋਂ ਆਪਣੇ ਮਾਤਾ ਜੀ ਦੇ ਭੋਗ ਸਮਾਗਮ ਮੌਕੇ ਵੱਖ- ਵੱਖ ਕਿਸਮਾਂ ਦੇ ਇਕ ਦਰਜਨ ਪੌਦੇ ਲਗਾ ਕੇ ਆਪਣੇ ਮਾਤਾ ਪਿਤਾ ਜੀ ਨੂੰ ਸ਼ਰਧਾਂਜਲੀ ਦਿਤੀ ਗਈ ਹੈ।
ਉਹਨਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ- ਨਾਲ ਸਾਨੂੰ ਪੌਦਿਆਂ ਦੀ ਸੰਭਾਲ ਵੀ ਕਰਨੀ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਮਾਤਾ- ਪਿਤਾ ਜੀ ਵਲੋਂ ਆਪਣੇ ਜੀਵਨ ਕਾਲ ਦੌਰਾਨ ਲਗਾਏ ਗਏ ਸੈਂਕੜੇ ਪੌਦੇ ਅੱਜ ਵੱਡੇ ਰੁੱਖ ਬਣ ਚੁੱਕੇ ਹਨ ਅਤੇ ਆਕਸੀਜਨ ਦੇ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਆਪਣੇ ਮਾਤਾ ਪਿਤਾ ਜੀ ਵਲੋਂ ਚਲਾਈ ਗਈ ਇਸ ਰੀਤ ਨੂੰ ਜਾਰੀ ਰੱਖਣਗੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।