ਕੁਲਵੰਤ ਸਿੰਘ ਬੱਬੂ
ਰਾਜਪੁਰਾ, 07 ਮਾਰਚ 2021 - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਉਪਰੰਤ ਸ: ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿੱਲੀ ਕਿਸਾਨੀ ਮੋਰਚੇ ਨੂੰ ਸਮਰਪਿਤ ਗ੍ਰਿਫਤਾਰੀਆਂ ਦੇਣ ਲਈ ਪੰਜ ਸਿੰਘਾਂ ਦਾ ਜਥਾ ਰਵਾਨਾ ਕਰਨਗੇ। ਕਿਸਾਨ ਯੂਨੀਅਨ ਅੰਮ੍ਰਿਤਸਰ ਵੱਲੋਂ ਪੰਜ ਸਿੰਘਾਂ ਦੀ ਅਗਵਾਈ ਹੇਠ 9 ਮਾਰਚ ਨੂੰ 03:00 ਵਜੇ ਗਗਨ ਚੌਂਕ ਬਾਈਪਾਸ ਰਾਜਪੁਰਾ ਵਿਖੇ ਗ੍ਰਿਫਤਾਰੀ ਦੇਣ ਵਾਲੇ ਜਥਾ ਪਹੁੰਚੇਗਾ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ: ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵਿਸੇਸ਼ ਤੌਰ ਤੇ ਸਾਥੀਆਂ ਸਮੇਤ ਪਹੁੰਚ ਰਹੇ ਹਨ।
ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਥੇਦਾਰ ਬਲਕਾਰ ਸਿੰਘ ਭੁੱਲਰ ਅਤੇ ਜਗਜੀਤ ਸਿੰਘ ਪ੍ਰਧਾਨ ਰਾਜਪੁਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਹੇ, ਉਨ੍ਹਾਂ ਦੱਸਿਆ ਕਿ ਇਸ ਜਥੇ ਦੇ ਸਵਾਗਤ ਲਈ ਆਈਆਂ ਸੰਗਤਾਂ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਗਗਨ ਚੌਂਕ ਰਾਜਪੁਰਾ ਵਿਖੇ 3:00 ਵਜੇ ਪਹੁੰਚਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ। ਇਸ ਮੌਕੇ ਰਾਜਪੁਰਾ ਦੀ ਪ੍ਰੈਸ ਦਾ ਵੀ ਸਵਾਗਤ ਕੀਤਾ ਜਾਵੇਗਾ।
ਉਨ੍ਹਾਂ ਆਗੂਆਂ ਨੇ ਕਿਹਾ ਕਿ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ 26 ਜਨਵਰੀ ਨੂੰ ਲਾਲ਼ ਕਿਲੇ ਉਪਰ ਨਿਸ਼ਾਨ ਸਾਹਿਬ ਲਾਉਣ ਵਾਲੇ ਨੋਜਵਾਨਾਂ ਵਿਰੁੱਧ ਦਰਜ ਕੀਤੇ ਮੁਕੱਦਮੇ ਰੱਦ ਕਰਵਾਉਣ ਲਈ ਅਤੇ ਗ੍ਰਿਫਤਾਰ ਕੀਤੇ ਨੋਜਵਾਨਾਂ ਨੂੰ ਰਿਹਾਅ ਕਰਾਉਣ ਲਈ ਤਖ਼ਤ ਸ੍ਰੀ ਕੇਸਗੜ ਸਾਹਿਬ ਤੋਂ ਪੰਜ ਸਿੰਘਾਂ ਦਾ ਜੱਥਾ ਅੰਮ੍ਰਿਤਪਾਲ ਸਿੰਘ ਸਿੱਧੂ ਲੌਂਗੋਵਾਲ, ਹਰਜੀਤ ਸਿੰਘ ਮੱਖੂ, ਬਲਕਾਰ ਸਿੰਘ ਵਾਲੀਆ ਅੰਮ੍ਰਿਤਸਰ, ਚਰਨ ਸਿੰਘ ਭੱਦਲਥੂਹਾ, ਪ੍ਰੀਤਮ ਸਿੰਘ ਭੋਲੀਆ ਦੀ ਅਗਵਾਈ ਹੇਠ ਦਿੱਲੀ ਵਿਖੇ ਗ੍ਰਿਫਤਾਰੀ ਦੇਣ ਲਈ ਅੱਗੇ ਰਵਾਨਾ ਹੋਵੇਗਾ। ਸਮੂਹ ਇਨਸਾਫ ਪਸੰਦ ਸੰਗਤਾਂ ਅਤੇ ਕਿਸਾਨ ਜਥੇਬੰਦੀਆਂ ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਸਮੂਹ ਸੰਗਤਾਂ ਤੇ ਨੋਜਵਾਨਾਂ ਨੂੰ ਬੇਨਤੀ ਕੀਤੀ। ਸਮੂਹ ਪਟਿਆਲਾ ਜਥੇਬੰਦੀ ਵੱਲੋਂ ਦਿੱਲੀ ਵਿਖੇ ਗ੍ਰਿਫਤਾਰੀ ਦੇਣ ਵਾਲੇ ਜਥੇ ਦਾ ਸਿਰਪਾਓ ਪਾ ਕੇ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ।
ਜਥੇ: ਭੁੱਲਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਵਿਰੁੱਧ ਬਣਾਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਵਾਲੇ ਨੌਜਵਾਨਾਂ ਨੂੰ ਦਬਾਉਣ ਲਈ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਤੇ ਝੂਠੇ ਪਰਚੇ ਦਰਜ ਕਰਾਕੇ ਜੇਲ੍ਹ ਵਿੱਚ ਬੰਦ ਕੀਤੇ ਨੌਜਵਾਨ ਲੜਕੇ ਲੜਕੀਆਂ ਨੂੰ ਰਿਹਾਅ ਕਰਵਾਉਣ ਲਈ ਉਨ੍ਹਾਂ ਦੇ ਹੱਕ ਵਿੱਚ ਅੱਜ ਸਮੁੱਚੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪ੍ਰਚਾਰ ਉਪਰੰਤ ਵੱਡੀ ਗਿਣਤੀ ਵਿੱਚ ਗਗਨ ਚੌਂਕ ਰਾਜਪੁਰਾ ਵਿਖੇ ਪਹੁੰਚਣ ਦੀ ਨੌਜਵਾਨਾਂ ਨੂੰ ਅਪੀਲ ਕੀਤੀ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਮੁੱਚੇ ਦੇਸ਼ ਦੇ ਹਰ ਵਰਗ ਉੱਤੇ ਅੱਤਿਆਚਾਰ ਢਾਹੁਣ ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦਾ ਵਿਕਾਸ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਹੱਥੇ ਚੜ੍ਹ ਕੇ ਦੇਸ਼ ਦਾ ਵਿਨਾਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜਲਦੀ ਤੋਂ ਜਲਦੀ ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਅਤੇ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਵਾਲੇ ਨੌਜਵਾਨ, ਸਮਾਜ ਸੇਵੀ, ਬੁੱਧੀਜੀਵੀਆਂ ਅਤੇ ਕਿਸਾਨਾਂ ਤੇ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਕਰਕੇ ਉਨ੍ਹਾਂ ਨੂੰ ਤੁਰੰਤ ਜੇਲ੍ਹਾਂ ਵਿੱਚੋਂ ਰਿਹਾਅ ਕੀਤਾ ਜਾਵੇ। ਉਨ੍ਹਾਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਅੰਦਰ ਚੱਲ ਰਹੀ ਸਰਕਾਰ ਵਿਰੁੱਧ ਲਹਿਰ ਨੂੰ ਦਬਾਉਣ ਲਈ ਫਿਰ ਦੁਬਾਰਾ ਕੋਰੋਨਾ ਮਹਾਂਮਾਰੀ ਦਾ ਡਰਾਵਾ ਦੇ ਕੇ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਸਮੁੱਚੇ ਦੇਸ਼ ਵਾਸੀਆਂ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਜੋ ਚਾਲ ਚੱਲ ਰਹੀ ਹੈ, ਉਸ ਨੂੰ ਕਿਸੇ ਵੀ ਹਾਲਤ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ। ਇਸ ਮੌਕੇ ਤੇ ਜਥੇ: ਭੁੱਲਰ ਦੇ ਨਾਲ ਜਗਜੀਤ ਸਿੰਘ ਰਾਜਪੁਰਾ, ਸਮਸ਼ੇਰ ਸਿੰਘ, ਰਣਬੀਰ ਸਿੰਘ ਹਰਪਾਲਪੁਰ, ਬਲਵਿੰਦਰ ਸਿੰਘ ਡਾਹਰੀਆਂ, ਹਰਬੰਸ ਸਿੰਘ, ਜਗਪਾਲ ਸਿੰਘ ਰਾਣਾ, ਸ਼ੋਭਾ ਸਿੰਘ, ਗੁਰਦੀਪ ਸਿੰਘ ਪਿਲਖੀ, ਸੱਤਪਾਲ ਸਿੰਘ ਗਰੇਵਾਲ, ਰਣਜੀਤ ਸਿੰਘ ਗਿੱਲ, ਕੁਲਵੰਤ ਸਿੰਘ ਜੱਸਲ, ਗੁਰਮੀਤ ਸਿੰਘ ਗੁਥਮੁੜਾ, ਜੋਰਾਵਰ ਸਿੰਘ ਭੁਨਰਹੇੜੀ, ਦਿਲਬਾਗ ਸਿੰਘ ਮੋਹਲਗੜ, ਅਮਰੀਕ ਸਿੰਘ, ਸਾਹਿਬ ਸਿੰਘ ਵਿਰਕ ਸਮੇਤ ਆਦਿ ਆਗੂ ਹਾਜਰ ਸਨ।