ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 8 ਮਾਰਚ 2021-ਅੱਜ ਕੌਮਾਂਤਰੀ ਇਸਤਰੀ ਦਿਵਸ ਦੇ ਮੌਕੇ ’ਤੇ ਇਸਤਰੀ ਤੇ ਬਾਲ ਭਲਾਈ ਸੰਸਥਾ ਪੰਜਾਬ ਅਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਔਰਤਾਂ ਤੇ ਵੱਧ ਰਹੇ ਅੱਤਿਆਚਾਰਾਂ ਉੱਤੇ ਇੱਕ ਸੈਮੀਨਾਰ ਖੰਡੇ ਵਾਲੇ ਪਾਰਕ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਮਾਲਵਾ ਖੇਤਰ ਦੇ 5 ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਬਠਿੰਡਾ, ਫਾਜਿਲਕਾ ਤੇ ਮੋਗਾ ਤੋਂ ਸੰਸਥਾ ਅਤੇ ਯੂਨੀਅਨ ਦੇ ਨਾਲ ਜੁੜੀਆਂ ਔਰਤਾਂ ਵੱਡੀ ਗਿਣਤੀ ਵਿੱਚ ਪੁੱਜੀਆਂ। ਸੈਮੀਨਾਰ ਦੌਰਾਨ ਸੰਸਥਾ ਦੇ ਚੇਅਰਪਰਸਨ ਅਤੇ ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਹਰਗੌਬਿੰਦ ਕੌਰ ਮੁੱਖ ਮਹਿਮਾਨ ਵਜੋਂ ਪੁੱਜੇ।
ਇਸ ਮੌਕੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ ਕਿ ਅੱਜ ਔਰਤਾਂ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਸੁਰੱਖਿਅਤ ਨਹੀਂ ਹੈ। ਦਿਨੋਂ ਦਿਨ ਔਰਤਾਂ ’ਤੇ ਅੱਤਿਆਚਾਰ ਵੱਧ ਰਹੇ ਹਨ। ਥਾਂ-ਥਾਂ ਨਿੱਤ ਰੋਜ਼ ਔਰਤਾਂ ਬਲਾਤਾਕਾਰ ਦਾ ਸ਼ਿਕਾਰ ਹੋ ਰਹੀਆਂ ਹਨ, ਘਰਾਂ ਵਿੱਚ ਵੀ ਉਨ੍ਹਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈ ਤੇ ਉਨ੍ਹਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ, ਜਦ ਕਿ ਔਰਤ ਕਿਧਰੇ ਵੀ ਮਰਦਾਂ ਨਾਲੋਂ ਘੱਟ ਨਹੀਂ ਹਨ। ਸ਼ਿੰਦਰਪਾਲ ਕੌਰ ਥਾਂਦੇਵਾਲਾ, ਕਿ੍ਰਸ਼ਨਾ ਦੇਵੀ ਔਲਖ ਅਤੇ ਮਹਿੰਦਰ ਕੌਰ ਪੱਤੋਂ ਆਦਿ ਆਗੂਆਂ ਨੇ ਕਿਹਾ ਕਿ ਅੱਜ ਵੇਲਾ ਹੈ ਕਿ ਉਹ ਖੁਦ ਜਾਗਰੂਕ ਹੋਣ ਤੇ ਆਪਣੀ ਸ਼ਕਤੀ ਨੂੰ ਸਮਝਣ ਦਾ, ਬਰਾਬਰ ਦਾ ਹੱਕ ਤੇ ਮਾਣ ਸਨਮਾਨ ਹਾਸਲ ਕਰਨ ਲਈ ਉਹ ਸੰਘਰਸ਼ ਕਰਨ ਲਈ ਅੱਗੇ ਆਉਣ, ਕਿਉਂਕਿ ਜਾਗਰੂਕ ਹੋਣ ਤੋਂ ਬਿਨਾਂ ਉਨ੍ਹਾਂ ਨੂੰ ਕੁਝ ਨਹੀਂ ਮਿਲਣਾ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਔਰਤਾਂ ਵਿਸੇਸ਼ ਮੁਹਿੰਮ ਵਿੱਢਣ। ਇਸ ਤੋਂ ਇਲਾਵਾ ਪਿੰਡ ਚੱਕ ਕਾਲਾ ਸਿੰਘ, ਪਿੰਡ ਲੁਬਾਣਿਅਵਾਲੀ ਵਿਖੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਵੀ ਕੌਮਾਂਤਰੀ ਇਸਤਰੀ ਦਿਵਸ ਮਨਾਇਆ ਗਿਆ।