ਕੋਟਕਪੂਰਾ, 8 ਮਾਰਚ 2021-ਔਰਤ ਆਪਣੇ ਸਮਾਜ, ਪਰਿਵਾਰ, ਦੇਸ਼ ਨੂੰ ਉੱਪਰ ਚੁੱਕਣ ਲਈ ਹਮੇਸ਼ਾਂ ਹੀ ਯਤਨਸ਼ੀਲ ਰਹੀ ਹੈ ਅਤੇ ਆਪਣੇ ਦਿ੍ਰੜ ਇਰਾਦੇ ਨਾਲ ਹੀ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ ਕਰਨ ’ਚ ਕਾਮਯਾਬ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਜ਼ਿਲਾ ਫਰੀਦਕੋਟ ਦੇ ਮੈਨੇਜਰ ਮੈਡਮ ਗਗਨ ਸ਼ਰਮਾ ਨੇ ਚਨਾਬ ਗਰੁੱਪ ਆਫ ਐਜੂਕੇਸ਼ਨ ਦੇ ਸਹਿਯੋਗ ਨਾਲ ਚੱਲ ਰਹੇ ਗਾਨਾ ਸੇਵਾ ਸੁਸਾਇਟੀ ਦੇ ਸਕਿੱਲ ਸੈਂਟਰ ਜੈਤੋ ਰੋਡ ਕੋਟਕਪੂਰਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਨੌਜਵਾਨ ਲੜਕੀਆਂ ਨੂੰ ਆਪਣੇ ਸੰਬੋਧਨ ’ਚ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵਲੋਂ ਸਾਡੀਆਂ ਲੜਕੀਆਂ ਨੂੰ ਸਵੈ-ਰੁਜਗਾਰ ਮਿਸ਼ਨ ਅਧੀਨ ਹੱਥੀਂ ਹੁਨਰਮੰਦ ਕਰਕੇ ਆਪਣੇ ਪੈਰਾਂ ਸਿਰ ਖੜੇ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ। ਚਨਾਬ ਗਰੁੱਪ ਆਫ ਐਜੂਕੇਸ਼ਨ, ਗਾਨਾ ਸੇਵਾ ਸੁਸਾਇਟੀ ਦੇ ਪ੍ਰਬੰਧਕ ਅਤੇ ਉੱਘੇ ਸਮਾਜਸੇਵੀ ਬਲਜੀਤ ਸਿੰਘ ਖੀਵਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਅੱਜ ਅਸੀਂ ਵੱਖ-ਵੱਖ ਖੇਤਰ ’ਚ ਮੱਲਾਂ ਮਾਰਨ ਵਾਲੀਆਂ 4 ਸਮਾਜਸੇਵੀ ਔਰਤਾਂ ਦਾ ਸਨਮਾਨ ਕਰਨ ਵਿੱਚ ਮਾਣ ਮਹਿਸੂਸ ਕਰ ਰਹੇ ਹਾਂ। ਉਨਾ ਦੱਸਿਆ ਕਿ ਗਾਨਾ ਸੇਵਾ ਸੁਸਾਇਟੀ ਵਲੋਂ ਗੁਰੁੂ ਨਾਨਕ ਮੋਦੀਖਾਨਾ ਦੀ ਪ੍ਰਬੰਧਕ ਬੀਬੀ ਅਮਨਦੀਪ ਕੌਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਸਤਰੀ ਵਿੰਗ ਕੋਟਕਪੂਰਾ ਦੀ ਸੇਵਾਦਾਰ ਭੈਣ ਗੁਰਲੀਨ ਕੌਰ ਪਿ੍ਰੰਸੀ, ਅੰਗਹੀਣ ਬੱਚਿਆਂ ਨੂੰ ਸਿਲਾਈ ਦਾ ਕੰਮ ਸਿਖਾਉਣ ਵਾਲੀ ਮੈਡਮ ਸੁਮਨ ਅਰੋੜਾ ਅਤੇ ਖੂਨਦਾਨ ਕਰਨ ਵਿੱਚ ਸਟੇਟ ਐਵਾਰਡ ਪ੍ਰਾਪਤ ਮੈਡਮ ਨੈਨਸੀ ਅਰੋੜਾ ਨੂੰ ਸਨਮਾਨਿਤ ਕਰਕੇ ਬੱਚਿਆਂ ਦੇ ਰੂ-ਬ-ਰੂ ਕਰਵਾਇਆ। ਜਿਸ ਨਾਲ ਬੱਚਿਆਂ ਵਿੱਚ ਸਮਾਜ ਪ੍ਰਤੀ ਸੇਵਾ ਕਰਨ ਵਾਲੀਆਂ ਇਨਾਂ ਸ਼ਖਸ਼ੀਅਤਾਂ ਨੂੰ ਮਿਲ ਕੇ ਆਪਣੇ-ਆਪ ਨੂੰ ਹੋਰ ਵੀ ਸੱਚੇ ਆਚਰਨ ਵਾਲੀਆਂ ਸ਼ਖਸ਼ੀਅਤਾਂ ਬਣਾਉਣ ਲਈ ਮੱਦਦਗਾਰ ਹੋਣਗੀਆਂ। ਪ੍ਰੋਗਰਾਮ ਦੌਰਾਨ ਬੱਚਿਆਂ ਨੇ ਪ੍ਰੇਰਨਾਦਾਇਕ ਕਵਿਤਾਵਾਂ, ਭਾਸ਼ਣ ਦੇ ਕੇ ਆਏ ਹੋਏ ਬੱਚਿਆਂ ਨੂੰ ਆਕਰਸ਼ਿਤ ਕੀਤਾ। ਅੰਤ ਵਿੱਚ ਸ਼ਹੀਦ ਭਗਤ ਸਿੰਘ ਕਲਾਸਿਕ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਘੋਲੀਆ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜਪ੍ਰੀਤ ਕੌਰ, ਅੰਕੁਸ਼ ਬਜਾਜ, ਅਰਸ਼ਦੀਪ ਸਿੰਘ, ਸੀਮਾ ਸਮੇਤ ਵਿਦਿਆਰਥੀ ਵੀ ਹਾਜਰ ਸਨ।