ਅਸ਼ੋਕ ਵਰਮਾ
ਮਾਨਸਾ, 08 ਮਾਰਚ 2021: ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋਂ ਅੱਜ ਕੌ੍ਰਾਂਤਰੀ ਔਰਤ ਦਿਵਸ ਮੌਕੇ ਅੱਜ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਲੜਕੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੁਲਾਰਿਆਂ ਨੇ ਮਾਣ ਮਹਿਸੂਸ ਕੀਤਾ ਕਿ ਲੜਕੀਆਂ ਨੇ ਹਰ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ । ਉਨ੍ਹਾਂ ਨੂੰ ਕਿਸੇ ਰਹਿਮ ਦੀ ਨਹੀਂ,ਸਗੋਂ ਮੌਕੇ ਪ੍ਰਦਾਨ ਕਰਨ ਦੀ ਲੋੜ ਹੈ ਤਰੱਕੀ ਦੀ ਉਡਾਣ ਉਹ ਆਪਣੇ ਆਪ ਭਰ ਲੈਣਗੀਆਂ।ਜ਼ਿਲ੍ਹਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਤੇ ਪ੍ਰੋਗਰਾਮ ਅਫਸਰ ਸੰਦੀਪ ਘੰਡ ਨੇ ਕਿਹਾ ਕਿ ਅੱਜ ਡਿਸਕਸ ਥਰੋਅ ਵਿੱਚ ਕੌਮੀ ਪੱਧਰ ਤੇ ਪ੍ਰਾਪਤੀਆਂ ਦਰਜ ਕਰਵਾਉਣ ਵਾਲੀ ਪਿੰਡ ਖੜਕ ਸਿੰਘ ਵਾਲਾ ਦੀ ਖਿਡਾਰਣ ਅਮਨਦੀਪ ਕੌਰ, ਲੜਕੀਆਂ ਦੀਆਂ ਸਿੱਖਿਆ ’ਚ ਯੋਗਦਾਨ ਪਾਉਣ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਕਲਾਂ ਦੀ ਅੰਗਰੇਜ਼ੀ ਅਧਿਆਪਕਾ ਮਨਪ੍ਰੀਤ ਕੌਰ ਵਾਲੀਆ, ਪੇਂਡੂ ਯੁਵਕ ਸਰਗਰਮੀਆਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਵਲੰਟੀਅਰਾਂ ਰਮਨਦੀਪ ਕੌਰ,ਮਨਦੀਪ ਕੌਰ,ਸ਼ੀਤਲ ਕੌਰ ਅਤੇ ਵੀਰਪਾਲ ਕੌਰ ਦਾ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਯੂਥ ਕਲੱਬਾਂ ਦੇ ਸਹਿਯੋਗ ਨਾਲ ਲੜਕੀਆਂ ਦੀ ਕਾਬਲੀਅਤ ਨੂੰ ਉਭਾਰਨ ਅਤੇ ਸਖ਼ਸ਼ੀਅਤ ਨੂੰ ਨਿਖਾਰਨ ਲਈ ਵਿਸ਼ੇਸ਼ ਮੌਕੇ ਪ੍ਰਦਾਨ ਕਰਦਾ ਹੈ ਜੋ ਨਿਰੰਤਰ ਜਾਰੀ ਰੱਖੇ ਜਾਂਦੇ ਹਨ। ਇਸ ਮੌਕੇ ਹਰਦੀਪ ਸਿੰਘ ਸਿੱਧੂ, ਮਨੋਜ ਕੁਮਾਰ, ਪਰਮਿੰਦਰ ਕੌਰ ਕੌਰ,ਹਰਜੀਤ ਸਿੰਘ ਖੜਕ ਸਿੰਘ ਵਾਲਾ ਅਤੇ ਕਰਮਜੀਤ ਸਿੰਘ ਹਾਜ਼ਰ ਸਨ।