ਚੰਡੀਗੜ੍ਹ, 8 ਮਾਰਚ 2021-ਅੱਜ ਪੰਜਾਬ ਸਰਕਾਰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਪੰਜਾਬ ਸਿਵਲ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਸੈਕਟਰ -9 ਦੇ ਸਮੂਹ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਜਟ ਭਾਸ਼ਣ ਤੋਂ ਪਹਿਲਾਂ ਰੈਲੀ ਕਰਦੇ ਹੋਏ ਪੰਜਾਬ ਵਿਧਾਨ ਸਭਾ ਵੱਲ ਕੂਚ ਕਰ ਦਿੱਤਾ। ਦੱਸ ਦੇਈਏ ਕਿ ਮੁਲਾਜਮ ਕਾਂਗਰਸ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਤੋਂ ਇੰਨੇ ਜਿਆਦਾ ਖਫਾ ਸਨ ਕਿ ਉਨ੍ਹਾਂ ਨੇ ਆਪ ਮੁਹਾਰੇ ਹੀ ਵਿਧਾਨ ਸਭਾ ਵੱਲ ਕੂਚ ਕਰ ਦਿੱਤਾ। ਵਿਸ਼ਵ ਮਹਿਲਾ ਦਿਵਸ ਮੌਕੇ ਅੱਜ ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਮਹਿਲਾਵਾਂ ਨੇ ਕੀਤੀ। ਹਾਲਾਂਕਿ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਵਿੱਚੋਂ ਕੋਈ ਵੀ ਮਹਿਲਾ ਮੁਲਾਜ਼ਮ ਜੱਥੇਬੰਦੀ ਵਿੱਚ ਕੋਈ ਅਹੁਦਾ ਨਹੀਂ ਰੱਖਦੀਆਂ ਸਨ ਪ੍ਰੰਤੂ ਸਰਕਾਰ ਦੀ ਬੇਰੁਖੀ ਕਰਕੇ ਉਨ੍ਹਾਂ ਦੇ ਦਿਲਾਂ ਵਿੱਚ ਇੰਨਾਂ ਰੋਸ ਸੀ ਕਿ ਉਹ ਆਪ ਮੁਹਾਰੇ ਹੀ ਮੁਲਾਜ਼ਮਾਂ ਦੀ ਅਗਵਾਈ ਕਰਨ ਲਈ ਤਤਪਰ ਸਨ। ਵੇਖਦੇ-ਵੇਖਦੇ ਮੁਲਾਜ਼ਮਾਂ ਦਾ ਇੱਕ ਵੱਡਾ ਹਜੂਮ ਪੰਜਾਬ ਵਿਧਾਨ ਸਭਾ ਵੱਲ ਤੁਰ ਪਿਆ ਜਿਸ ਕਰਕੇ ਸਿਵਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ। ਨਵੇਂ ਭਰਤੀ ਮੁਲਾਜ਼ਮ ਪਰਖਕਾਲ ਦਾ ਸਮਾਂ ਘਟਾਉਣ ਅਤੇ ਪਰਖਕਾਲ ਦੌਰਾਨ ਸਾਰੇ ਲਾਭ ਦੇਣ ਦੀ ਮੰਗ ਕਰ ਰਹੇ ਸਨ, ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮ ਪੁਰਾਣੀ ਪੈਨਸ਼ਨ ਦੀ ਮੰਗ ਕਰ ਰਹੇ ਸਨ। ਇਸੇ ਤਰ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਜਿਸ ਸਬੰਧੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੁਲਾਜ਼ਮਾਂ ਨਾਲ ਹੋਈਆਂ ਮੀਟਿੰਗਾਂ ਵਿੱਚ ਹਾਮੀ ਭਰੀ ਗਈ ਸੀ, ਇੰਨ੍ਹਾਂ ਮੰਗਾਂ ਦੇ ਪੂਰੇ ਨਾ ਹੋਣ ਤੋਂ ਮੁਲਾਜ਼ਮ ਖਫਾ ਸਨ। ਦੱਸਣਯੋਗ ਹੈ ਕਿ 7 ਅਕਤੂਬਰ 2020 ਨੂੰ ਪੰਜਾਬ ਭਵਨ ਵਿਖੇ ਪੈਨਸ਼ਨਰਜ਼ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਨਾਲ ਕੈਬਿਨਟ ਦੀ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਵਿੱਤ ਮੰਤਰੀ ਨੇ ਕੇਂਦਰ ਤੋਂ ਜੀ.ਐਸ.ਟੀ. ਦਾ ਹਿੱਸਾ ਪ੍ਰਾਪਤ ਹੋਣ ਤੇ ਡੀ.ਏ ਦੀਆਂ ਕਿਸ਼ਤਾਂ ਜਾਰੀ ਕਰਨ ਦਾ ਵਾਅਦਾ ਕੀਤਾ ਸੀ, ਪ੍ਰੰਤੂ ਕੇਂਦਰ ਵੱਲੋਂ ਜੀ.ਐਸ.ਟੀ ਦਾ ਹਿੱਸਾ ਪ੍ਰਾਪਤ ਹੋਣ ਤੇ ਵੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਬੂਰ ਨਹੀਂ ਪਿਆ। ਪੈਨਸ਼ਨਰਜ਼
ਜੋ ਕਿ ਆਪਣੀ ਪੈਨਸ਼ਨ ਵਿੱਚ ਵਾਧਾ ਉਡੀਕ ਰਹੇ ਹਨ, ਨੂੰ ਡੀ.ਏ ਨਾ ਮਿਲਣ ਕਰਕੇ ਵਿੱਤੀ ਮਾਰ ਝੱਲਣੀ ਪੈ ਰਹੀ ਹੈ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਇੱਕ ਮਹੀਨੇ ਵਿੱਚ ਇਕੱਲੇ ਗੈਸ ਸਲੰਡਰ ਦੀ ਕੀਮਤ ਹੀ 250 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤੀ ਹੈ। ਪੈਟ੍ਰੋਲ ਅਤੇ ਡੀਜਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਕਾਲਜਾਂ ਦੀਆਂ ਫੀਸਾਂ ਸਰਕਾਰ ਵੱਲੋਂ ਵਧਾ ਦਿੱਤੀਆਂ ਗਈਆਂ ਹਨ, ਜੀ.ਪੀ.ਐਫ. ਤੇ ਵਿਆਜ ਦਰ ਘਟਾ ਦਿੱਤੀ ਹੈ। ਪ੍ਰੰਤੂ ਮਿਤੀ 1.1.2019 ਤੋਂ ਆਪਣੇ ਮੁਲਾਜ਼ਮਾਂ ਨੂੰ ਡੀ.ਏ ਦੀ ਕਿਸ਼ਤ ਜਾਰੀ ਨਹੀਂ ਕੀਤੀ ਹੈ, ਅਕਾਲੀ-ਭਾਜਪਾ ਦੇ ਕਾਰਜਕਾਲ ਸਮੇਂ ਦੇ ਏਰੀਅਰ ਬਕਾਇਆ ਹਨ
ਜੋ ਕਿ ਲਗਭੱਗ 1,92,000 ਰੁ ਪ੍ਰਤੀ ਮੁਲਾਜ਼ਮ ਬਣਦਾ ਹੈ, ਚੋਣ ਮੈਨੀਫੈਸਟੋ ਵਿੱਚ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਸ਼ਬਜ਼ਬਾਗ ਵਿਖਾਕੇ ਕੇਵਲ ਮੁਲਾਜ਼ਮਾਂ ਦੀਆਂ ਵੋਟਾਂ ਬਟੋਰੀਆਂ ਗਈਆਂ ਹਨ, ਜਦਕਿ ਮੁਲਾਜ਼ਮਾਂ ਪ੍ਰਤੀ ਸਰਕਾਰ ਬੇਮੁੱਖ ਹੋਈ ਬੈਠੀ ਹੈ। ਇਸ ਮੌਕੇ ਮਹਿਲਾ ਮੁਲਾਜ਼ਮ ਆਗੂਆਂ ਵਿੱਚ ਅਲਕਾ ਚੋਪੜਾ, ਮਨਦੀਪ ਕੌਰ, ਕਮਲੇਸ਼ ਕੁਮਾਰੀ, ਰਵਿੰਦਰ ਕੌਰ ਗਿੱਲ, ਮਨਜਿੰਦਰ ਕੌਰ, ਸੁਖਜੀਤ ਕੌਰ, ਨਿੱਜੀ ਸਟਾਫ ਐਸੋਸੀਏਸ਼ਨ ਤੋਂ ਜਸਵੀਰ ਕੌਰ, ਸੁਦੇਸ਼ ਕੁਮਾਰੀ ਨੇ ਮੋਰਚਾ ਸੰਭਾਲਿਆ, ਜਿਸ ਕਰਕੇ ਮਹਿਲਾ ਮੁਲਾਜ਼ਮ ਵੱਡੀ ਗਿਣਤੀ ਵਿੱਚ ਇਸ ਰੋਸ ਮਾਰਚ ਵਿੱਚ ਸ਼ਾਮਿਲ ਹੋਈਆਂ। ਇਸ ਦੌਰਾਲ ਮੁਲਾਜ਼ਮਾਂ ਨੇ ਤਕਰੀਬਨ ਦੋ ਘੰਟੇ ਤੱਕ ਵਿਧਾਨ ਸਭਾ ਵਿਖੇ ਰੋਸ ਮੁਜਾਹਰਾ ਕੀਤਾ।