ਅਸ਼ੋਕ ਵਰਮਾ
ਬਰਨਾਲਾ, 08 ਮਾਰਚ 2021: ਬਰਨਾਲਾ ਪ੍ਰਸ਼ਾਸਨ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਅੱਜ ਬਾਬਾ ਕਾਲਾ ਮਹਿਰ ਬਹੁ-ਮੰਤਵੀ ਖੇਡ ਸਟੇਡੀਅਮ ਵਿੱਚ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਅਧੀਨ ਐਥਲੈਟਿਕਸ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਦੌਰਾਨ ਜ਼ਿਲੇ ਦੇ ਵੱਖ ਵੱਖ ਸਕੂਲਾਂ ਦੀਆਂ ਅੰਡਰ 14 ਲੜਕੀਆਂ ਨੇ ਲੰਬੀ ਛਾਲ, 100 ਮੀਟਰ ਦੌੜ ਤੇ 400 ਮੀਟਰ ਦੌੜ ’ਚ ਦਮ ਖਮ ਦਾ ਮੁਜ਼ਾਹਰਾ ਕੀਤਾ ।
ਅੱਜ ਹੀ ਜਿਲ੍ਹਾ ਪ੍ਰਸ਼ਾਸ਼ਨ ਨੇ ਸਵੈ ਰੱਖਿਆ ਲਈ ਮੁਫਤ ਸੈਲਫ ਡਿਫੈਂਸ ਟੇ੍ਰਨਿੰਗ ਦੀ ਸ਼ੁਰੂਆਤ ਕਰਦਿਆਂ ਲੜਕੀਆਂ ਨੂੰ ਸਿਖਲਾਈ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ, ਏਡੀਸੀ (ਜ) ਆਦਿਤਯ ਡੇਚਲਵਾਲ ਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਡਮ ਕਿਰਨ ਸ਼ਰਮਾ ਨੇ ਖਿਡਾਰਨਾਂ ਦੀ ਹੌਸਲਾ ਅਫਜ਼ਾਈ ਕੀਤੀ। ਐਸਡੀਐਮ ਵਰਜੀਤ ਵਾਲੀਆ ਦੀ ਦੇਖ-ਰੇਖ ਹੇਠ ਕਰਵਾਏ ਇਸ ਸਮਾਗਮ ਦਾ ਆਗਾਜ਼ ਐਸਪੀ (ਹੈਡਕੁਆਰਟਰ) ਹਰਵੰਤ ਕੌਰ ਦੇ ਉਦਘਾਟਨੀ ਭਾਸ਼ਣ ਨਾਲ ਹੋਇਆ, ਜਿਨਾਂ ਨੇ ਲੜਕੀਆਂ ਨੂੰ ਸਿੱਖਿਆ ਅਤੇ ਖੇਡ੍ਹਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਸਪੋਰਟਸ ਕੋਚ ਗੁਰਵਿੰਦਰ ਕੌਰ ਨੇ ਖਿਡਾਰਨਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਵਿਸ਼ੇਸ਼ ਤੌਰ ’ਤੇ ਪੁੱਜੇ ਸਕੁਐਰਡਨ ਲੀਡਰ ਏਅਰ ਫੋਰਸ ਸਟੇਸ਼ਨ ਬਰਨਾਲਾ ਦਵਿੰਦਰ ਕੌਰ ਨੇ ਲੜਕੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਮੁਕਾਬਲਿਆਂ ਦੌਰਾਨ ਲੰਬੀ ਛਾਲ ਦੇ ਮੁਕਾਬਲੇ ਵਿੱਚ ਕਮਲਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਉਪਲੀ ਨੇ ਸੋਨ ਤਗਮਾ, ਗਗਨਦੀਪ ਕੌਰ ਸਰਕਾਰੀ ਮਿਡਲ ਸਕੂਲ ਪੱਤੀ ਸੇਖਵਾਂ ਨੇ ਚਾਂਦੀ ਦਾ ਤਗਮਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਰਪ੍ਰੀਤ ਕੌਰ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ।400 ਮੀਟਰ ਦੌੜ ਵਿਚ ਹਰਪ੍ਰੀਤ ਕੌਰ ਅਤਰਗੜ ਨੇ ਪਹਿਲਾ, ਨੂਰਪਿੰਦਰ ਕੌਰ ਅਤਰਗੜ ਨੇ ਦੂਜਾ ਤੇ ਅਰਸ਼ਪ੍ਰੀਤ ਕੌਰ ਕਰਮਗੜ ਨੇ ਤੀਜਾ ਸਥਾਨ ਹਾਸਲ ਕੀਤਾ। 100 ਮੀਟਰ ਦੌੜ ਵਿਚ ਮਨਪ੍ਰੀਤ ਕੌਰ ਉਪਲੀ ਨੇ ਪਹਿਲਾ, ਸਿਮਰਨਜੀਤ ਕੌਰ ਠੁੱਲੀਵਾਲ ਨੇ ਦੂਜਾ ਤੇ ਜਸਦੀਪ ਕੌਰ ਉਪਲੀ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਜਾ ਰਹੀ ਮਹਿਲਾ ਸੈਲਫ ਡਿਫੈਂਸ ਟੇ੍ਰਨਿੰਗ ਦਾ ਆਗਾਜ਼ ਜੂਡੋ ਮਾਸਟਰ ਕਿ੍ਰਸ਼ਨ ਚੌਹਾਨ ਤੇ ਉਨਾਂ ਦੀ ਟੀਮ ਵੱਲੋਂ ਦਿੱਤੇ ਡੈਮੋ ਨਾਲ ਹੋਇਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 50 ਲੜਕੀਆਂ ਦੇ ਪਹਿਲੇ ਬੈਚ ਦੀ ਚੋਣ ਇਸ ਸਿਖਲਾਈ ਵਾਸਤੇ ਕੀਤੀ ਗਈ ਹੈ, ਜਿਨ੍ਹਾਂ ਨੂੰ ਇਕ ਮਹੀਨੇ ਦੀ ਸਿਖਲਾਈ ਦਿੱਤੀ ਜਾਣੀ ਹੈ ਜੋਕਿ ਪੜਾਅਵਾਰ ਜਾਰੀ ਰਹੇਗੀੇ।ਉਨ੍ਹਾਂ ਦੱਸਿਆ ਕਿ ਅੱਜ ਦੇ ਐਥਲਿਟਕਸ ਇਵੈਂਟ ਵਿਚ ਬਰਨਾਲਾ ਜਿਲ੍ਹੇ ਦੇ 10 ਉਨ੍ਹਾਂ ਪਿੰਡਾਂ ਦੀਆਂ ਲੜਕੀਆਂ ਨੇ ਸ਼ਿਰਕਤ ਕੀਤੀ ਹੈ, ਜਿੱਥੇ ਲੜਕੀਆਂ ਦੀ ਜਨਮ ਦਰ ਘੱਟ ਹੈ । ਉਨ੍ਹਾਂ ਕਿਹਾ ਕਿ ਸਮਾਗਮਾਂ ਦਾ ਮਕਸਦ ਜਾਗਰੂਕਤਾ ਪੈਦਾ ਕਰਕੇ ਲਿੰਗ ਪਾੜੇ ਵਿਚ ਸੁਧਾਰ ਲਿਆਉਣਾ ਹੈ।
ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਵਾਲੀਆਂ ਔਰਤਾਂ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਸਰਬਜੀਤ ਕੌਰ, ਪੁਲੀਸ ਵਿਭਾਗ ਤੋਂ ਲਖਵੀਰ ਕੌਰ, ਹਰਮਨਦੀਪ ਕੌਰ, ਮੀਨਾ ਰਾਣੀ, ਆਸ਼ਾ ਵਰਕਰਾਂ ਕੁਲਵਿੰਦਰ ਕੌਰ, ਅੰਬਿਕਾ ਰਾਣੀ, ਏਐਨਐਮ ਜਸਵੀਰ ਕੌਰ, ਪਰਮਜੀਤ ਕੌਰ, ਮੁੱਖ ਅਧਿਆਪਕ ਸ੍ਰੀਮਤੀ ਸਰੇਸ਼ਟਾ ਰਾਣੀ, ਪਿ੍ਰੰਸੀਪਲ ਸ੍ਰੀਮਤੀ ਇਕਬਾਲ ਕੌਰ, ਸ੍ਰੀਮਤੀ ਭੁਪਿੰਦਰ ਕੌਰ, ਦਵਿੰਦਰ ਕੌਰ, ਮਹਿਲਾ ਸਰਪੰਚ ਮਨਜੀਤ ਕੌਰ, ਚਰਨਪਾਲ ਕੌਰ, ਸਵੈ ਸਹਾਇਤਾ ਗਰੁੱਪਾਂ ’ਚ ਸੁਖਮਨੀ ਗਰੁੱਪ, ਏਕਤਾ ਆਜੀਵਿਕਾ, ਮਾਤਾ ਸਾਹਿਬ ਕੌਰ ਗਰੁੱਪ, ਆਂਗਣਵਾੜੀ ਸੁਪਰਵਾਈਜ਼ਰ ਕੁਲਵਿੰਦਰ ਕੌਰ, ਕਰਮਜੀਤ ਕੌਰ, ਗੁਰਜੀਤ ਕੌਰ, ਆਂਗਣਵਾੜੀ ਵਰਕਰ ਰੂਹੀ ਬਾਂਸਲ, ਸਰਬਜੀਤ ਕੌਰ, ਗੁਰਮੀਤ ਕੌਰ ਤੇ ਵਿਸ਼ੇਸ਼ ਲੋੜਾਂ ਵਾਲੀਆਂ ਲੜਕੀਆਂ ਦਿਲਪ੍ਰੀਤ ਕੌਰ ਅਤੇ ਸ਼ਿਵਾਨੀ ਦਾ ਸਨਮਾਨ ਕੀਤਾ ਗਿਆ।
ਅੰਤ ਵਿੱਚ ਐਸਡੀਐਮ ਵਰਜੀਤ ਵਾਲੀਆ ਨੇ ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ । ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅਭਿਸ਼ੇਕ ਸਿੰਗਲਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਜੈ ਭਾਸਕਰ ਸ਼ਰਮਾ, ਸਿੱਖਿਆ ਵਿਭਾਗ ਤੋਂ ਸਿਮਰਦੀਪ ਸਿੰਘ ਤੋਂ ਇਲਾਵਾ ਖੇਡ ਵਿਭਾਗ ਤੋਂ ਕੋਚ ਤੇ ਹੋਰ ਅਮਲਾ, ਵੱਖ ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਅਤੇ ਖਿਡਾਰਨਾਂ ਦੇ ਇੰਚਾਰਜ ਹਾਜ਼ਰ ਰਹੇ।