ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 08 ਮਾਰਚ 2021: ਪੰਜਾਬ ਅਨੁਸੂਚਿਤ ਜਾਤੀਆਂ , ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸਨ ਦੇ ਚੇਅਰਮੈਨ ਸ੍ਰੀ ਮੋਹਨ ਲਾਲ ਸੂਦ ਨੇ ਦੱਸਿਆ ਕਿ ਕਾਰਪੋਰੇਸ਼ਨ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਸਵੈ ਰੁਜ਼ਗਾਰ ਸਥਾਪਤ ਕਰਨ ਮੰਤਵ ਨਾਲ 1.5 ਕਰੋੜ ਰੁਪਏ ਦੀ ਸਬਸਿਡੀ ਜਾਰੀ ਕਰ ਦਿੱਤੀ ਗਈ ਹੈ, ਜਿਸ ਨਾਲ ਵੱਖ-ਵੱਖ ਬੈਂਕਾਂ
ਦੁਆਰਾ ਇਨਾਂ ਲਾਭਪਾਤਰੀਆਂ ਨੂੰ ਲਗਭਗ 8.25 ਕਰੋੜ ਰੁਪਏ ਦੇ ਕਰਜ਼ ਉਪਲਬੱਧ ਹੋ ਜਾਣਗੇ।
ਚੇਅਰਮੈਨ ਵੱਲੋਂ ਅੱਜ ਜਿਲ੍ਹਾ ਕਪੂਰਥਲਾ ਦੇ ਅਨੁਸੂਚਿਤ ਜਾਤੀਆਂ ਦੇ 28 ਲਾਭਪਾਤਰੀਆਂ ਨੂੰ 2.80 ਲੱਖ ਰੁਪਏ ਦੀ ਸਬਸਿਡੀ ਦੇ ਮਨਜੂਰੀ ਪੱਤਰ ਵੰਡੇ ਗਏ ਅਤੇ ਇਹ ਸਬਸਿਡੀ ਬੈਂਕਾਂ ਨੂੰ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ 33 ਕੇਸਾਂ ਦੀ 3.30 ਲੱਖ ਰੁਪਏ ਦੀ ਸਬਸਿਡੀ ਬੈਕਾਂ ਨੂੰ ਜਲਦੀ ਜਾਰੀ ਕਰ ਦਿੱਤੀ ਜਾਵੇਗੀ।
ਉਨ੍ਹਾਂ ਲਾਭਪਾਤਰੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਲਾਭ ਪਹੁੰਚਾਉਣ ਹਿੱਤ ਲਾਲ ਲਕੀਰ ਦੇ ਅੰਦਰ ਦੀ ਜਾਇਦਾਦ ਦੀ ਮਲਕੀਅਤ ਸਬੰਧੀ ਮਾਲਕਾਨਾ ਹੱਕ ਲੋਕਾਂ ਨੂੰ ਦੇਣ ਬਾਰੇ ਮਾਲ ਵਿਭਾਗਾਂ ਨੂੰ ਹੁਕਮ ਕੀਤੇ ਹਨ। ਇਸ ਨਾਲ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਕਰਜਾ ਲੈਣ ਸਮੇਂ ਜਮਾਨਤ ਦੇਣ ਸਬੰਧੀ ਕੋਈ ਮੁਸ਼ਕਿਲ ਪੇਸ ਨਹੀਂ ਆਵੇਗੀ।
ਇਸ ਮੌਕੇ ਡਾ: ਰਾਮ ਲਾਲ ਜੱਸੀ ਵਾਇਸ ਚੇਅਰਮੈਨ, ਸ੍ਰੀ ਅਸੋਕ ਕੁਮਾਰ ਜਿਲ੍ਹਾ ਮੈਨੇਜ਼ਰ, ਕਪੂਰਥਲਾ, ਸ: ਲਖਵਿੰਦਰ ਸਿੰਘ ਜਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਕੈਪਸ਼ਨ- ਕਪੂਰਥਲਾ ਵਿਖੇ ਲਾਭਪਾਤਰੀਆਂ ਨੂੰ ਸਬਸਿਡੀ ਦੇ ਮਨਜ਼ੂਰੀ ਪੱਤਰ ਸੌਂਪਦੇ ਹੋਏ ਚੇਅਰਮੈਨ ਸ੍ਰੀ ਮੋਹਨ ਲਾਲ ਸੂਦ।